ਹਸਪਤਾਲ ’ਚ ਭੰਨ੍ਹ-ਤੋੜ ਕਾਰਨ ਡਾਕਟਰਾਂ ਨੇ ਆਵਾਜਾਈ ਰੋਕੀ
ਕਰੀਬ ਅੱਧੀ ਦਰਜਨ ਬਦਮਾਸ਼ਾਂ ਵੱਲੋਂ ਮੁਕਤਸਰ-ਕੋਟਕਪੂਰਾ ਬਾਈਪਾਸ ’ਤੇ ਸਥਿਤ ‘ਮਾਲਵਾ ਆਰਥੋ ਹਸਪਤਾਲ’ ਵਿੱਚ ਤਲਵਾਰਾਂ ਤੇ ਡਾਂਗਾ ਸੋਟਿਆਂ ਨਾਲ ਹਮਲਾ ਕਰਦਿਆਂ ਭੰਨ੍ਹ-ਤੋੜ ਕੀਤੀ ਗਈ ਜਿਸ ਨਾਲ ਹਸਪਤਾਲ ਦੇ ਕਾਮਿਆਂ ਤੇ ਕੁਝ ਮਰੀਜ਼ਾਂ ਨੂੰ ਸੱਟਾਂ ਲੱਗੀਆਂ। ਇਸ ਘਟਨਾ ਤੋਂ ਬਾਅਦ ਹਸਪਤਾਲ ਦੇ ਮੁੱਖ ਪ੍ਰਬੰਧਕ ਡਾ. ਅਰੁਣ ਜੈਨ ਅਤੇ ਸ਼ਹਿਰ ਦੇ ਹੋਰ ਡਾਕਟਰਾਂ ਤੇ ਸ਼ਹਿਰ ਵਾਸੀਆਂ ਵੱਲੋਂ ਬਾਈਪਾਸ ਉਪਰ ਆਵਾਜਾਈ ਠੱਪ ਕਰਦਿਆਂ ਧਰਨਾ ਦਿੱਤਾ ਗਿਆ। ਥਾਣਾ ਸਦਰ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਲੋਕਾਂ ਨੂੰ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਉਹ ਸ਼ਾਂਤ ਹੋਏ। ਸੂਤਰਾਂ ਅਨੁਸਾਰ ਘਟਨਾ ਦਾ ਮੁੱਖ ਮੁਲਜ਼ਮ ਮੁਕਤਸਰ ਲਾਗਲੇ ਇੱਕ ਪਿੰਡ ਦਾ ਹੈ ਅਤੇ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਆਇਆ ਹੋਇਆ ਹੈ। ਡਾ. ਅਰੁਣ ਜੈਨ ਨੇ ਦੱਸਿਆ ਕਿ ਹਸਪਤਾਲ ਦੀ ਇੱਕ ਕਰਮਚਾਰੀ ਲੜਕੀ ਦਾ ਪਿੱਛਾ ਕਰਦਿਆਂ ਇੱਕ ਮੁੰਡਾ ਹਸਪਤਾਲ ’ਚ ਆਇਆ ਅਤੇ ਲੜਕੀ ਪਾਸੋਂ ਜ਼ਬਰਦਸਤੀ ਉਸ ਦਾ ਮੋਬਾਈਲ ਨੰਬਰ ਪੁੱਛਣ ਲੱਗਿਆ। ਲੜਕੀ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਉਹ ਲੜਕਾ ਵਾਪਸ ਚਲਾ ਗਿਆ ਤੇ ਜਲਦੀ ਹੀ 6-7 ਬਦਮਾਸ਼ਾਂ ਨਾਲ ਵਾਪਸ ਆ ਗਿਆ। ਉਨ੍ਹਾਂ ਦੇ ਹੱਥਾਂ ’ਚ ਤਲਵਾਰਾਂ ਤੇ ਡਾਂਗਾਂ ਸਨ। ਉਨ੍ਹਾਂ ਆਉਂਦਿਆਂ ਹੀ ਹਸਪਾਤਲ ਦੇ ਮੁੱਖ ਦੁਆਰ ਦੇ ਸ਼ੀਸ਼ੇ ਭੰਨ੍ਹ ਦਿੱਤੇ ਅਤੇ ਅੰਦਰ ਦਾਖਲ ਹੋ ਕੇ ਬੂਹੇ ਬਾਰੀਆਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ। ਹਪਸਤਾਲ ਦੇ ਮੁਲਾਜ਼ਮਾਂ ਤੇ ਮਰੀਜ਼ਾਂ ਦੇ ਵੀ ਸੱਟਾਂ ਮਾਰੀਆਂ। ਪੀੜਤ ਲੜਕੀ ਅਤੇ ਕੁਝ ਮੁਲਾਜ਼ਮ ਆਪਣੀ ਜਾਨ ਬਚਾਉਣ ਲਈ ਕਮਰੇ ਵਿੱਚ ਵੜ ਗਏ ਤਾਂ ਉਨ੍ਹਾਂ ਕਮਰੇ ਦੇ ਬੂਹੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਕਾਫੀ ਹੰਗਾਮਾ ਕਰਨ ਉਪਰੰਤ ਉਹ ਮੁੜ ਆਉਣ ਦੀਆਂ ਧਮਕੀਆਂ ਦਿੰਦੇ ਚਲੇ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਘਟਨਾ ਦਾ ਪਤਾ ਲੱਗਣ ’ਤੇ ਵੱਡੀ ਗਿਣਤੀ ’ਚ ਸ਼ਹਿਰ ਦੇ ਡਾਕਟਰ ਤੇ ਹੋਰ ਲੋਕ ਇਕੱਠੇ ਹੋ ਗਏ ਅਤੇ ਬਦਮਾਸ਼ਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਧਰਨਾ ਦੇ ਦਿੱਤਾ। ਇਸ ਦੌਰਾਨ ਥਾਨਾ ਸਦਰ ਦੇ ਮੁਖੀ ਮਲਕੀਤ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲੈਣਗੇ।