For the best experience, open
https://m.punjabitribuneonline.com
on your mobile browser.
Advertisement

ਹਸਪਤਾਲ ’ਚ ਇਜ਼ਰਾਈਲ ਦੇ ਹਵਾਈ ਹਮਲੇ ’ਚ 500 ਮੌਤਾਂ

08:02 AM Oct 18, 2023 IST
ਹਸਪਤਾਲ ’ਚ ਇਜ਼ਰਾਈਲ ਦੇ ਹਵਾਈ ਹਮਲੇ ’ਚ 500 ਮੌਤਾਂ
ਗਾਜ਼ਾ ਪੱਟੀ ਦੇ ਖਾਨ ਯੂਨਿਸ ’ਚ ਇਜ਼ਰਾਇਲੀ ਹਵਾਈ ਹਮਲਿਆਂ ਮਗਰੋਂ ਮਲਬੇ ’ਚੋਂ ਲੋਕਾਂ ਦੀ ਭਾਲ ਕਰਦੇ ਹੋਏ ਫਲਸਤੀਨੀ। -ਫੋਟੋ: ਪੀਟੀਆਈ
Advertisement

ਖਾਨ ਯੂਨਿਸ, 17 ਅਕਤੂਬਰ
ਹਮਾਸ ਵੱਲੋਂ ਚਲਾਏ ਜਾ ਰਹੇ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਗਾਜ਼ਾ ਸਿਟੀ ਦੇ ਇਕ ਹਸਪਤਾਲ ਵਿਚ ਇਜ਼ਰਾਈਲ ਦੇ ਹਵਾਈ ਹਮਲੇ ਵਿਚ ਘੱਟੋ-ਘੱਟ 500 ਲੋਕਾਂ ਦੀ ਮੌਤ ਹੋ ਗਈ ਹੈ। ਹਮਲੇ ਵੇਲੇ ਅਲ-ਆਹਲੀ ਹਸਪਤਾਲ ਵਿਚ ਸੈਂਕੜੇ ਲੋਕਾਂ ਨੇ ਸ਼ਰਨ ਲਈ ਹੋਈ ਸੀ। ਏਜੰਸੀ ਨੂੰ ਭੇਜੀਆਂ ਗਈਆਂ ਤਸਵੀਰਾਂ ਵਿਚ ਹਸਪਤਾਲ ਦੇ ਹਾਲ ਵਿਚ ਅੱਗ ਲੱਗੀ ਹੋਈ ਹੈ, ਟੁੱਟਿਆ ਹੋਇਆ ਕੱਚ ਖਿੱਲਰਿਆ ਹੋਇਆ ਹੈ। ਇਜ਼ਰਾਇਲੀ ਸੈਨਾ ਨੇ ਹਾਲੇ ਤੱਕ ਇਸ ਉਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਜ਼ਰਾਈਲ ਨੇ ਅੱਜ ਦੱਖਣੀ ਗਾਜ਼ਾ ਦੇ ਇਲਾਕਿਆਂ ਵਿਚ ਵੀ ਬੰਬਾਰੀ ਕੀਤੀ, ਜਿੱਥੇ ਇਸ ਵੱਲੋਂ ਫਲਸਤੀਨੀਆਂ ਨੂੰ ਆਪਣੇ ਸੰਭਾਵੀ ਹਮਲਿਆਂ ਤੋਂ ਪਹਿਲਾਂ ਖੇਤਰ ਖਾਲੀ ਕਰਨ ਲਈ ਕਹਿਣ ਦਾ ਦਾਅਵਾ ਵੀ ਕੀਤਾ ਗਿਆ ਹੈ। ਹਮਲੇ ਵਿਚ ਕਈ ਲੋਕ ਮਾਰੇ ਗਏ ਹਨ। ਜ਼ਿਕਰਯੋਗ ਹੈ ਕਿ ਹਮਾਸ ਕੱਟੜਵਾਦੀਆਂ ਦੇ ਹਮਲੇ ਤੋਂ ਬਾਅਦ ਗਾਜ਼ਾ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਤੇ ਇਹ ਇਜ਼ਰਾਇਲੀ ਬੰਬਾਰੀ ਦਾ ਸਾਹਮਣਾ ਕਰ ਰਿਹਾ ਹੈ। ਇਜ਼ਰਾਇਲੀ ਹਵਾਈ ਹਮਲੇ ਵਿਚ ਹਮਾਸ ਦੀ ਫ਼ੌਜੀ ਸ਼ਾਖਾ ਦਾ ਇਕ ਚੋਟੀ ਦਾ ਕਮਾਂਡਰ ਵੀ ਮਾਰਿਆ ਗਿਆ ਹੈ। ਉਸ ਦੀ ਸ਼ਨਾਖਤ ਅਬੂ ਮਹਿਮੂਦ ਵਜੋਂ ਹੋਈ ਹੈ। ਲਬਿਨਾਨ ਨਾਲ ਲੱਗੀ ਇਜ਼ਰਾਈਲ ਦੀ ਸਰਹੱਦ ਉਤੇ ਹਿੰਸਾ ਵਧਣ ਨਾਲ ਖੇਤਰੀ ਟਕਰਾਅ ਦਾ ਦਾਇਰਾ ਵਧਣ ਦੀਆਂ ਚਿੰਤਾਵਾਂ ਪੈਦਾ ਹੋ ਗਈਆਂ ਹਨ, ਤੇ ਇਸ ਨੂੰ ਕੂਟਨੀਤਕ ਪੱਧਰ ਉਤੇ ਰੋਕਣ ਲਈ ਜੱਦੋਜਹਿਦ ਕੀਤੀ ਜਾ ਰਹੀ ਹੈ। ਸਿਹਤ ਮੰਤਰਾਲੇ ਮੁਤਾਬਕ ਗਾਜ਼ਾ ਵਿਚ 7 ਅਕਤੂਬਰ ਤੋਂ ਸ਼ੁਰੂ ਹੋਏ ਇਜ਼ਰਾਇਲੀ ਹਮਲਿਆਂ ਵਿਚ ਹੁਣ ਤੱਕ 3000 ਫਲਸਤੀਨੀ ਮਾਰੇ ਗਏ ਹਨ ਤੇ 12500 ਫੱਟੜ ਹਨ। ਸਿਹਤ ਮੰਤਰਾਲੇ ਮੁਤਾਬਕ ਮ੍ਰਿਤਕਾਂ ਵਿਚ ਦੋ-ਤਿਹਾਈ ਬੱਚੇ ਹਨ। ਕਰੀਬ 1200 ਲੋਕ ਮਲਬੇ ਵਿਚ ਦਫ਼ਨ ਹੋ ਗਏ ਹਨ। ਇਜ਼ਰਾਇਲੀ ਜਹਾਜ਼ਾਂ ਨੇ ਵੀ ਗਾਜ਼ਾ ਉਤੇ ਹਮਲੇ ਕੀਤੇ ਹਨ ਤੇ ਲੋਕ ਮਾਰੇ ਗਏ ਹਨ। -ਏਪੀ

Advertisement

ਇਜ਼ਰਾਈਲ-ਲਬਿਨਾਨ ਸਰਹੱਦ ’ਤੇ ਵੀ ਟਕਰਾਅ

ਬੈਰੂਤ/ਸੰਯੁਕਤ ਰਾਸ਼ਟਰ: ਇਜ਼ਰਾਈਲ ਤੇ ਲਬਿਨਾਨ ਦੀ ਸਰਹੱਦ ’ਤੇ ਇਕ ਵਾਰ ਮੁੜ ਟਕਰਾਅ ਸਾਹਮਣੇ ਆਇਆ ਹੈ। ਇੱਥੇ ਇਜ਼ਰਾਇਲੀ ਬਲਾਂ ਤੇ ਲਬਿਨਾਨ ਦੇ ਹਥਿਆਰਬੰਦ ਗਰੁੱਪਾਂ ਵਿਚਾਲੇ ਹਲਕੀਆਂ ਝੜਪਾਂ ਹੋ ਰਹੀਆਂ ਹਨ। ਇਸ ਟਕਰਾਅ ਵਿਚ ਹਿਜ਼ਬੁੱਲ੍ਹਾ ਦੇ ਚਾਰ ਲੜਾਕਿਆਂ ਦੀ ਮੌਤ ਹੋ ਗਈ ਹੈ। ਲਬਿਨਾਨ ਤੋਂ ਦਾਗੀ ਗਈ ਇਕ ਐਂਟੀ-ਟੈਂਕ ਮਿਜ਼ਾਈਲ ਇਜ਼ਰਾਈਲ ਦੇ ਕਸਬੇ ਵਿਚ ਡਿੱਗੀ ਹੈ। ਇਸ ਕਾਰਨ ਤਿੰਨ ਲੋਕ ਫੱਟੜ ਹੋ ਗਏ। ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਲਬਿਨਾਨ ਦੀ ਸਰਹੱਦ ਨਾਲ ਲਗਦੇ ਕਈ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਸੇ ਦੌਰਾਨ ਅੱਜ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਨੇ ਰੂਸ ਵੱਲੋਂ ਪੇਸ਼ ਕੀਤੇ ਜਾਣ ਵਾਲੇ ਮਤੇ ਦੇ ਉਸ ਖਰੜੇ ਨੂੰ ਨਕਾਰ ਦਿੱਤਾ ਜਿਸ ਵਿਚ ਗਾਜ਼ਾ ’ਚ ਗੋਲੀਬੰਦੀ ਦਾ ਸੱਦਾ ਦਿੱਤਾ ਗਿਆ ਸੀ ਪਰ ਇਜ਼ਰਾਈਲ ’ਤੇ ਹਮਾਸ ਦੇ ਹਮਲੇ ਦਾ ਕੋਈ ਜ਼ਿਕਰ ਨਹੀਂ ਸੀ। -ਏਪੀ/ਪੀਟੀਆਈ

Advertisement

ਫਰਾਂਸ ਵੱਲੋਂ ਹਮਾਸ ਦੇ ਹਮਲੇ ’ਚ ਆਪਣੇ 21 ਨਾਗਰਿਕਾਂ ਦੀ ਮੌਤ ਦੀ ਪੁਸ਼ਟੀ

ਪੈਰਿਸ: ਫਰਾਂਸ ਦੇ ਵਿਦੇਸ਼ ਮੰਤਰਾਲੇ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ’ਤੇ ਹਮਾਸ ਦੇ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿਚ ਉਸ ਦੇ 21 ਨਾਗਰਿਕ ਮਾਰੇ ਗਏ ਹਨ ਜਦਕਿ 11 ਹੋਰ ਲਾਪਤਾ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਅੱਜ ਅਲਬਾਨੀਆ ਵਿਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਗਾਜ਼ਾ ਵਿਚ ਬੰਧਕ ਬਣਾਏ ਗਏ ਨਾਗਰਿਕਾਂ ਨੂੰ ਰਿਹਾਅ ਕਰਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। -ਏਪੀ

ਭਾਰਤੀਆਂ ਤੇ ਨੇਪਾਲੀ ਨਾਗਰਿਕਾਂ ਨੂੰ ਲੈ ਕੇ ਵਿਸ਼ੇਸ਼ ਉਡਾਣ ਇਜ਼ਰਾਈਲ ਤੋਂ ਰਵਾਨਾ

ਤਲ ਅਵੀਵ/ਨਵੀਂ ਦਿੱਲੀ: ਇਜ਼ਰਾਈਲ ਤੋਂ ਇਕ ਵਿਸ਼ੇਸ਼ ਉਡਾਣ ਅੱਜ ਭਾਰਤੀ ਨਾਗਰਿਕਾਂ ਤੇ 18 ਨੇਪਾਲੀ ਨਾਗਰਿਕਾਂ ਨੂੰ ਲੈ ਕੇ ਭਾਰਤ ਲਈ ਰਵਾਨਾ ਹੋਈ। ਇਹ ਸਾਰੇ ਹਮਾਸ ਨਾਲ ਚੱਲ ਰਹੀ ਜੰਗ ਦੇ ਮੱਦੇਨਜ਼ਰ ਉੱਥੋਂ ਵਾਪਸ ਆਉਣਾ ਚਾਹੁੰਦੇ ਸਨ। ਐਕਸ ’ਤੇ ਇਕ ਪੋਸਟ ’ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੱਸਿਆ ਕਿ ‘ਅਪਰੇਸ਼ਨ ਅਜੇਯ ਅੱਗੇ ਵੱਧ ਰਿਹਾ ਹੈ। 286 ਹੋਰ ਯਾਤਰੀ ਭਾਰਤ ਪਰਤ ਰਹੇ ਹਨ।’ ਇਜ਼ਰਾਈਲ ਵਿਚਲੇ ਭਾਰਤੀ ਦੂਤਾਵਾਸ ਨੇ ਦੱਸਿਆ ਕਿ ਅੱਜ ਤਲ ਅਵੀਵ ਤੋਂ ਦਿੱਲੀ ਲਈ ਪੰਜਵੀਂ ਉਡਾਣ ਗਈ ਹੈ। ਇਜ਼ਰਾਈਲ ਵਿਚਲੇ ਨੇਪਾਲੀ ਰਾਜਦੂਤ ਕਾਂਤਾ ਰਿਜ਼ਲ ਨੇ ਦੱਸਿਆ ਕਿ 18 ਨੇਪਾਲੀ ਨਾਗਰਿਕ ਸੰਕਟ ਵਾਲੇ ਇਲਾਕਿਆਂ ਵਿਚ ਰਹਿ ਰਹੇ ਸਨ ਤੇ ਵਾਪਸ ਆਉਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ 254 ਨੇਪਾਲੀ ਨਾਗਰਿਕਾਂ ਨੂੰ ਨੇਪਾਲ ਏਅਰਲਾਈਨ ਦੀ ਉਡਾਣ ਵਿਚ 12 ਅਕਤੂਬਰ ਨੂੰ ਵਾਪਸ ਭੇਜਿਆ ਗਿਆ ਸੀ, ਤੇ ਹੋਰ ਉਡਾਣਾਂ ਦਾ ਪ੍ਰਬੰਧ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਨੇਪਾਲ ਦੇ ਦੂਤਾਵਾਸ ਲਗਾਤਾਰ ਇਕ-ਦੂਜੇ ਦੇ ਸੰਪਰਕ ਵਿਚ ਹਨ। ਪਿਛਲੇ ਹਫਤੇ ਚਾਰ ਚਾਰਟਰਡ ਉਡਾਣਾਂ ਰਾਹੀਂ 906 ਯਾਤਰੀ ਤਲ ਅਵੀਵ ਤੋਂ ਭਾਰਤ ਆਏ ਸਨ। -ਪੀਟੀਆਈ

Advertisement
Author Image

sukhwinder singh

View all posts

Advertisement