ਹਸਪਤਾਲਾਂ ’ਚ ਵਾਟਰ ਕੂਲਰਾਂ ਤੇ ਪੱਖਿਆਂ ਦੀ ਘਾਟ
ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜੂਨ
ਯਮੁਨਾ ਪਾਰ ਦੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਸਕੇ ਸਬੰਧੀਆਂ ਲਈ ਹਵਾ ਜਾਂ ਠੰਢੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਸਥਿਤੀ ਅਜਿਹੀ ਹੈ ਕਿ ਕੁਝ ਹੱਥ ਨਾਲ ਚੱਲਣ ਵਾਲੇ ਪੱਖੇ ਲਿਆ ਰਹੇ ਹਨ, ਜਦੋਂਕਿ ਕੁਝ ਚੁੰਨੀ ਜਾਂ ਰੁਮਾਲ ਨਾਲ ਆਪਣੇ ਆਪ ਨੂੰ ਪੱਖਾ ਝਲਦੇ ਦਿਖਾਈ ਦੇ ਰਹੇ ਹਨ। ਵਾਟਰ ਕੂਲਰ ਲਗਾਏ ਗਏ ਹਨ ਪਰ ਉਨ੍ਹਾਂ ਵਿੱਚੋਂ ਨਿਕਲਣ ਵਾਲਾ ਪਾਣੀ ਗਰਮ ਹੈ। ਕਲਿਆਣਪੁਰੀ ਵਿੱਚ ਸਥਿਤ ਲਾਲ ਬਹਾਦਰ ਸ਼ਾਸਤਰੀ (ਐੱਲਬੀਐੱਸ) ਹਸਪਤਾਲ ਦੀ ਓਪੀਡੀ ਵਿੱਚ ਕੂਲਿੰਗ ਸਿਸਟਮ ਲਗਾਇਆ ਗਿਆ ਹੈ, ਪਰ ਇਹ ਕੰਮ ਨਹੀਂ ਕਰਦਾ। ਓਪੀਡੀ ਬਲਾਕ ਦੇ ਕਈ ਹਿੱਸਿਆਂ ਵਿੱਚ, ਉਸ ਜਗ੍ਹਾ ’ਤੇ ਪੱਖੇ ਨਹੀਂ ਹਨ ਜਿੱਥੇ ਮਰੀਜ਼ ਬੈਠਦੇ ਹਨ। ਜਿੱਥੇ ਐਂਟੀ-ਰੇਬੀਜ਼ ਟੀਕੇ ਲਾਏ ਜਾ ਰਹੇ ਹਨ, ਉੱਥੇ ਟੀਨ ਸ਼ੈੱਡ ਦੇ ਹੇਠਾਂ ਬਾਹਰ ਲੰਬੀ ਕਤਾਰ ਹੈ। ਇਸ ਸ਼ੈੱਡ ਵਿੱਚ ਕੋਈ ਪੱਖਾ ਨਹੀਂ ਹੈ। ਓਪੀਡੀ ਬਲਾਕ ਦੇ ਬਾਹਰ ਵਾਟਰ ਬੂਥ ’ਤੇ ਗਰਮ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਓਪੀਡੀ ਦੇ ਅੰਦਰ ਠੰਢਾ ਪਾਣੀ ਜ਼ਰੂਰ ਸਪਲਾਈ ਕੀਤਾ ਜਾਂਦਾ ਹੈ। ਜੀਟੀਬੀ ਹਸਪਤਾਲ ਵਿੱਚ, ਜ਼ਿਆਦਾਤਰ ਵਾਟਰ ਕੂਲਰਾਂ ਤੋਂ ਠੰਢਾ ਪਾਣੀ ਨਹੀਂ ਆ ਰਿਹਾ ਹੈ।
ਨਗਰ ਨਿਗਮ ਦੇ ਸਵਾਮੀ ਦਯਾਨੰਦ ਹਸਪਤਾਲ ਦੇ ਚਾਰ ਮੰਜ਼ਿਲਾ ਓਪੀਡੀ ਬਲਾਕ ਵਿੱਚ ਵੱਡੀ ਗਿਣਤੀ ਵਿੱਚ ਪੱਖੇ ਹੌਲੀ ਚੱਲਦੇ ਹਨ। ਦੋ ਪੱਖੇ ਕੰਮ ਨਹੀਂ ਕਰ ਰਹੇ ਹਨ, ਅਤੇ ਇੱਕ ਜਗ੍ਹਾ ‘ਤੇ ਬਿਲਕੁਲ ਵੀ ਪੱਖਾ ਨਹੀਂ ਹੈ।
ਕੂਲਿੰਗ ਸਿਸਟਮ ਦੀ ਮੁਰੰੰਮਤ ਕੀਤੀ ਜਾਵੇਗੀ: ਯਾਦਵ
ਪੀਡਬਲਿਊਡੀ ਦੇ ਸਹਾਇਕ ਇੰਜਨੀਅਰ (ਇਲੈਕਟ੍ਰੀਕਲ) ਰਾਜੇਸ਼ ਕੁਮਾਰ ਯਾਦਵ, ਜੋ ਐੱਲਬੀਐੱਸ ਹ ਹਸਪਤਾਲ ਵਿੱਚ ਸਬੰਧਤ ਕੰਮ ਦੇਖ ਰਹੇ ਹਨ, ਕਹਿੰਦੇ ਹਨ ਕਿ ਓਪੀਡੀ ਬਲਾਕ ਵਿੱਚ ਕੂਲਿੰਗ ਸਿਸਟਮ ਕੰਮ ਨਹੀਂ ਕਰ ਰਿਹਾ। ਇਸ ਦੀ ਮੁਰੰਮਤ ਕੀਤੀ ਜਾਵੇਗੀ। ਜਿੱਥੇ ਵੀ ਪੱਖੇ ਲਗਾਉਣ ਦੀ ਜ਼ਰੂਰਤ ਦੱਸੀ ਜਾਂਦੀ ਹੈ, ਉੱਥੇ ਪੱਖੇ ਲਗਾਏ ਜਾਂਦੇ ਹਨ। ਉਧਰ ਸਵਾਮੀ ਦਯਾਨੰਦ ਹਸਪਤਾਲ ਸਬੰਧੀ ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਠੰਢੇ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਪੱਖੇ ਠੀਕ ਕੀਤੇ ਜਾਣਗੇ।