ਹਸਨਪੁਰ ਕੰਬੋਆਂ ਦੀ ਪੰਚਾਇਤ ਨੇ ਸਰਕਾਰੀ ਰਸਤੇ ਤੋਂ ਨਾਜਾਇਜ ਕਬਜ਼ੇ ਹਟਵਾਏ
ਦੇਵੀਗੜ੍ਹ, 28 ਮਈ
ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਹਸਨਪੁਰ ਕੰਬੋਆਂ ਦੀ ਗ੍ਰਾਮ ਪੰਚਾਇਤ ਵੱਲੋਂ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਨਿਰਦੇਸ਼ ਅਤੇ ਡੀ.ਡੀ.ਪੀ.ਓ. ਪਟਿਆਲਾ ਵੱਲੋਂ ਜਾਰੀ ਕੀਤੇ ਗਏ ਕਬਜ਼ਾ ਵਾਰੰਟ ਤਹਿਤ ਪਿੰਡ ਦੀ ਪੰਚਾਇਤ ਦੇ ਸਰਪੰਚ ਜਸਬੀਰ ਸਿੰਘ ਜੱਸੀ ਅਤੇ ‘ਆਪ’ ਆਗੂ ਮਨਜੀਤ ਸਿੰਘ ਜੀਤੂ ਥਿੰਦ, ਨੰਬਰਦਾਰ ਕਿਰਪਾਲ ਸਿੰਘ ਥਿੰਦ, ਮਲਕੀਤ ਸਿੰਘ ਮੱਲੀ, ਰਾਜਿੰਦਰ ਸਿੰਘ ਥਿੰਦ, ਕਿਰਪਾਲ ਸਿੰਘ, ਗੁਰਮੁੱਖ ਸਿੰਘ, ਨਛੱਤਰ ਸਿੰਘ ਅਤੇ ਪਿੰਡ ਦੇ ਮੋਹਤਬਰਾਂ ਦੀ ਅਗਵਾਈ ਹੇਠ ਪਿੰਡ ਦੇ ਸ਼ਮਸ਼ਾਨਘਾਟ ਤੋਂ ਪੀਰ ਬਾਬਾ ਦੀ ਸਮਾਧ ਨੂੰ ਜਾਣ ਵਾਲੇ 24 ਫੁੱਟ ਚੌੜੇ ਰਸਤੇ ’ਤੇ 50 ਸਾਲਾਂ ਤੋਂ ਚੱਲ ਰਹੇ ਨਾਜਾਇਜ ਕਬਜ਼ਿਆਂ ਤੇ ਉਸਾਰੀਆਂ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਜੇ.ਸੀ.ਬੀ. ਅਤੇ ਟਰੈਕਟਰਾਂ ਨਾਲ ਹਟਵਾ ਕੇ ਰਸਤੇ ’ਤੇ ਮਿੱਟੀ ਪਵਾ ਕੇ ਰਸਤੇ ਨੂੰ ਚੌੜਾ ਕਰਵਾਇਆ। ਇਸ ਮੌਕੇ ਕਿਸੇ ਮੰਦਭਾਗੀ ਦੁਰਘਟਨਾ ਨੂੰ ਰੋਕਣ ਲਈ ਥਾਣਾ ਜੁਲਕਾਂ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਭਿੰਡਰ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਪੁਲੀਸ ਫੋਰਸ ਮੌਕੇ ’ਤੇ ਮੌਜੂਦ ਰਹੀ। ਪੰਚਾਇਤ ਦੇ ਇਸ ਫ਼ੈਸਲੇ ਦੀ ਪਿੰਡ ਵਾਸੀਆਂ ਵੱਲੋਂ ਸ਼ਲਾਘਾ ਕੀਤੀ ਗਈ। ਇਸ ਮੌਕੇ ਸਰਪੰਚ ਜਸਬੀਰ ਸਿੰਘ ਜੱਸੀ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਅਤੇ ਪੰਚਾਇਤ ਦੀਆਂ ਥਾਵਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਯਤਨ ਕਰਦੇ ਰਹਿਣਗੇ।