ਹਵਾਈ ਅੱਡੇ ਤੋਂ 35.40 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਸਣੇ ਇਕ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਮਈ
ਡੀਆਰਆਈ ਨੇ ਇਥੇ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯਾਤਰੀ ਕੋਲੋਂ 41,400 ਅਮਰੀਕੀ ਡਾਲਰ, ਜੋ ਭਾਰਤੀ ਕਰੰਸੀ ਦੇ ਲਗਪਗ 35.40 ਲੱਖ ਰੁਪਏ ਬਣਦੇ ਹਨ, ਤੋਂ ਬਰਾਮਦ ਕੀਤੇ ਹਨ। ਵਿਭਾਗ ਨੇ ਕਸਟਮ ਐਕਟ 1962 ਦੀ ਧਾਰਾ ਹੇਠ ਇਹ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਹੈ।
ਡੀਆਰਆਈ ਨੂੰ ਇਸ ਸਬੰਧੀ ਖੁਫੀਆ ਜਾਣਕਾਰੀ ਮਿਲੀ ਸੀ, ਜਿਸ ਦੇ ਆਧਾਰ ’ਤੇ ਸਥਾਨਕ ਹਵਾਈ ਅੱਡੇ ’ਚ ਚੌਕਸੀ ਵਰਤੀ ਜਾ ਰਹੀ ਸੀ। ਇਸ ਦੌਰਾਨ ਯਾਤਰੀ ਨੂੰ ਰੋਕਿਆ ਗਿਆ, ਜੋ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਰਾਹੀਂ ਅੰਮ੍ਰਿਤਸਰ ਤੋਂ ਦੁਬਈ ਜਾ ਰਿਹਾ ਸੀ। ਉਸ ਨੇ ਆਪਣੇ ਸਾਮਾਨ ਵਿੱਚ ਵਿਦੇਸ਼ੀ ਮੁਦਰਾ ਲੁਕਾਈ ਹੋਈ ਸੀ। ਵਿਭਾਗ ਨੇ ਜਦੋਂ ਸਾਮਾਨ ਦੀ ਤਲਾਸ਼ੀ ਲਈ ਤਾਂ ਇਸ ਵਿੱਚੋਂ 41,400 ਅਮਰੀਕੀ ਡਾਲਰ ਬਰਾਮਦ ਹੋਏ ਜਿਸ ਦੀ ਭਾਰਤੀ ਕੀਮਤ 35.40 ਲੱਖ ਰੁਪਏ ਹੈ। ਇਸ ਵਿਦੇਸ਼ੀ ਮੁਦਰਾ ਦਾ ਯਾਤਰੀ ਕੋਲ ਕੋਈ ਹਿਸਾਬ ਨਹੀਂ ਸੀ ਅਤੇ ਇਹ ਵਿਦੇਸ਼ੀ ਨਕਦੀ ਆਰਬੀਆਈ ਦੀ ਨਿਰਧਾਰਿਤ ਸੀਮਾ ਤੋਂ ਵੱਧ ਸੀ। ਇਸ ਲਈ ਡੀਆਰਆਈ ਨੇ ਕਸਟਮ ਐਕਟ ਤਹਿਤ ਇਸ ਨੂੰ ਜ਼ਬਤ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵਿਦੇਸ਼ੀ ਮੁਦਰਾ ਦੀ ਗ਼ੈਰਕਾਨੂੰਨੀ ਤਸਕਰੀ ਵਿੱਚ ਸ਼ਾਮਿਲ ਹੈ। \