ਹਵਾਈ ਸਫ਼ਰ ਦੌਰਾਨ ਚੋਰੀ ਕਰਨ ਦੇ ਦੋਸ਼ ਹੇਠ ਚੀਨੀ ਨਾਗਰਿਕ ਕਾਬੂ
ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਮਈ
ਹਾਂਗਕਾਂਗ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਵਿੱਚ ਇੱਕ 30 ਸਾਲਾ ਚੀਨੀ ਨਾਗਰਿਕ ਨੂੰ ਹਵਾਈ ਸਫ਼ਰ ਦੌਰਾਨ ਚੋਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਏਅਰਲਾਈਨ ਦੀ ਸੁਰੱਖਿਆ ਅਤੇ ਚੌਕਸੀ ਟੀਮ ਵੱਲੋਂ ਸ਼ੱਕੀ ਗਤੀਵਿਧੀਆਂ ਬਾਰੇ ਚਿੰਤਾਵਾਂ ਜ਼ਾਹਰ ਕਰਨ ਤੋਂ ਬਾਅਦ ਬੇਨਲਾਈ ਪੈਨ ਵਜੋਂ ਪਛਾਣੇ ਗਏ ਵਿਅਕਤੀ ਨੂੰ ਕਾਬੂ ਕੀਤਾ ਗਿਆ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਏਅਰ ਇੰਡੀਆ, ਟਰਮੀਨਲ-3, ਆਈਜੀਆਈ ਹਵਾਈ ਅੱਡੇ ਦੀ ਸੁਰੱਖਿਆ ਅਤੇ ਚੌਕਸੀ ਟੀਮ ਨੇ ਹਾਂਗਕਾਂਗ ਤੋਂ ਨਵੀਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਏਆਈ-315 ‘ਤੇ ਸ਼ੱਕੀ ਗਤੀਵਿਧੀਆਂ ਬਾਰੇ ਦਿੱਲੀ ਪੁਲੀਸ ਨੂੰ ਸੁਚੇਤ ਕੀਤਾ। ਆਈਜੀਆਈ ਏਅਰਪੋਰਟ ਪੁਲੀਸ ਦੇ ਇੱਕ ਅਧਿਕਾਰਤ ਬਿਆਨ ਅਨੁਸਾਰ ਯਾਤਰੀਆਂ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਚਾਰ ਚੀਨੀ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਇਹ ਅਲਰਟ ਜਾਰੀ ਕੀਤਾ ਗਿਆ ਸੀ।ਇੱਕ ਯਾਤਰੀ ਪ੍ਰਭਾਤ ਵਰਮਾ ਨੇ ਰਿਪੋਰਟ ਦਿੱਤੀ ਕਿ ਕੈਬਿਨ ਕਰਿਊ ਨੇ ਉਸ ਨੂੰ ਉਸ ਦੇ ਓਵਰਹੈੱਡ ਬੈਗੇਜ ਨੇੜੇ ਸ਼ੱਕੀ ਹਰਕਤਾਂ ਬਾਰੇ ਚਿਤਾਵਨੀ ਦਿੱਤੀ ਸੀ। ਉਸ ਦੇ ਬੈਗ ਦੀ ਜਾਂਚ ਕਰਨ ਤੋਂ ਬਾਅਦ ਉਸ ਨੇ ਪਾਇਆ ਕਿ ਉਸ ਦਾ ਬੈਂਕ ਆਫ਼ ਅਮਰੀਕਾ ਦਾ ਕ੍ਰੈਡਿਟ ਕਾਰਡ ਗਾਇਬ ਸੀ। ਉਸ ਨੇ ਅੱਗੇ ਸੀਟ ਨੰਬਰ 14ਸੀ ‘ਤੇ ਇੱਕ ਸ਼ੱਕੀ ਵਿਅਕਤੀ ਨੂੰ ਬੈਠਾ ਦੇਖਿਆ ਜਿਸ ਨੂੰ ਉਹ ਸੀਟ ਨਹੀਂ ਦਿੱਤੀ ਗਈ ਸੀ ਪਰ ਅਸਲ ਵਿੱਚ ਸੀਟ ਨੰਬਰ 23ਸੀ ਲਈ ਟਿਕਟ ਕੀਤੀ ਗਈ ਸੀ। ਪੁਲੀਸ ਦੇ ਅਨੁਸਾਰ, ਗੁੰਮ ਹੋਇਆ ਕਾਰਡ ਸੀਟ ਨੰਬਰ 14ਸੀ ਹੇਠੋਂ ਮਿਲਿਆ।