ਹਲਕੇ ਮੀਂਹ ਨਾਲ ਤਾਪਮਾਨ ਡਿੱਗਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਮਈ
ਦਿੱਲੀ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਅੱਜ ਹਲਕੇ ਮੀਂਹ ਨਾਲ ਗਰਮੀ ਤੋਂ ਰਾਹਤ ਮਿਲੀ। ਜਾਣਕਾਰੀ ਅਨੁਸਾਰ ਮੌਸਮ ਵਿਭਾਗ ਨੇ ਦਿੱਲੀ ਵਿੱਚ ਮੀਂਹ ਤੇ ਝੱਖੜ ਦੀ ਭਵਿੱਖਵਾਣੀ ਕੀਤੀ ਹੋਈ ਸੀ। ਵਿਭਾਗ ਅਨੁਸਾਰ ਅੱਜ ਦਿੱਲੀ ਦੇ ਕੁਝ ਖੇਤਰਾਂ ਵਿੱਚ ਮੀਂਹ ਨਾਲ ਘੱਟੋ-ਘੱਟ ਤਾਪਮਾਨ 25.2 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜੋ ਆਮ ਨਾਲੋਂ 1.4 ਡਿਗਰੀ ਸੈਲਸੀਅਸ ਘੱਟ ਹੈ। ਦਿੱਲੀ ਐਨਸੀਆਰ ਵਿੱਚ ਵੱਧ ਤੋਂ ਵੱਧ ਤਾਪਮਾਨ ਲਗਪਗ 35 ਡਿਗਰੀ ਸੈਲਸੀਅਸ ਤੱਕ ਰਿਹਾ ਜੋ ਕਿ ਸੀਜ਼ਨ ਦੇ ਸਮੇਂ ਦੇ ਅਨੁਪਾਤ ਅਨੁਸਾਰ ਅਜੇ ਵੀ ਘੱਟ ਹੈ। ਜ਼ਿਕਰਯੋਗ ਹੈ ਕਿ ਸਵੇਰੇ 8:30 ਵਜੇ ਨਮੀ ਦਾ ਪੱਧਰ 80 ਫ਼ੀਸਦ ਸੀ। ਇਸ ਤੋਂ ਇਲਾਵਾ ਦਿੱਲੀ ਦੀ ਹਵਾ ਦੀ ਗੁਣਵੱਤਾ ਤਸੱਲੀਬਖ਼ਸ਼ ਸ਼੍ਰੇਣੀ ਵਿੱਚ ਰਹੀ। ਸਵੇਰੇ ਏਅਰ ਕੁਆਲਿਟੀ ਇੰਡੈਕਸ 95 ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਤਹਿਤ 51 ਅਤੇ 100 ਦੇ ਵਿਚਕਾਰ ਏਕਿਊਆਈ ਤਸੱਲੀਬਖਸ਼ ਸ਼੍ਰੇਣੀਬੱਧ ਹੁੰਦਾ ਹੈ। ਦੂਜੇ ਪਾਸੇ ਐਨਸੀਆਰ ਦੇ ਅਹਿਮ ਸ਼ਹਿਰ ਫਰੀਦਾਬਾਦ ਵਿੱਚ ਬੀਤੀ ਰਾਤ ਪਏ ਮੀਂਹ ਨਾਲ ਥਾਂ ਥਾਂ ਗਲੀਆਂ ਵਿੱਚ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਚਿੱਕੜ ਭਰੀਆਂ ਗਲੀਆਂ ਵਿੱਚੋਂ ਲੰਘ ਕੇ ਆਪਣੇ ਕੰਮਾਂ ਕਾਰਾਂ ’ਤੇ ਜਾਣਾ ਪਿਆ। ਡੱਬੂਆ ਕਲੋਨੀ, ਸੰਜੇ ਕਲੋਨੀ, ਐਸਜੀਐਮ ਨਗਰ ਅਤੇ 15, 16, 14, 98, 21, 22, 28, 29 ਸੈਕਟਰ ਜਲ-ਥਲ ਹੋ ਗਿਆ। ਸਮਾਜ ਸੇਵੀ ਸੁਖਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਫਰੀਦਾਬਾਦ ਵਿੱਚ ਉਦਯੋਗ ਹੋਣ ਕਰਕੇ ਭਾਰੀ ਮਾਲੀਆ ਸੂਬਾ ਸਰਕਾਰ ਨੂੰ ਮਿਲਦਾ ਹੈ ਪਰ ਇਸ ਦੇ ਬਾਵਜੂਦ ਇਥੋਂ ਦੇ ਉਦਯੋਗਕ ਖੇਤਰਾਂ ਦੀਆਂ ਸੜਕਾਂ ਦੀ ਹਾਲਤ ਬੁਰੀ ਹੈ। ਉਨ੍ਹਾਂ ਕਿਹਾ ਕਿ ਸੈਕਟਰ 24 ਸੈਕਟਰ 23 ਦੇ ਉਦਯੋਗਕ ਇਲਾਕੇ, ਸਰੂਰਪੁਰ ਸੈਕਟਰ ਛੇ ਅਤੇ ਅੱਠ ਦੇ ਉਦਯੋਗਿਕ ਇਲਾਕਿਆਂ ਵਿੱਚ ਪਾਣੀ ਭਰਨ ਤੋਂ ਕਾਰਖਾਨੇਦਾਰ ਦੁਖੀ ਹਨ।