ਹਰ ਜ਼ਿਲ੍ਹੇ ’ਚ ਚਾਰ ਤੋਂ ਪੰਜ ਨਿਹੰਗ ਸਿੰਘ ਛਾਉਣੀਆਂ ਜ਼ਰੂਰੀ: ਗੜਗੱਜ
ਜਗਜੀਤ ਸਿੰਘ
ਹੁਸ਼ਿਆਰਪੁਰ, 19 ਮਈ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਖਾਲਸਾ ਪੰਥ ਦੀਆਂ ਸ਼ਾਨਾਮਤੀ ਰੀਤਾਂ ਤੇ ਰਵਾਇਤਾਂ ਨੂੰ ਅੱਗੇ ਤੋਰਨ ਲਈ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਚਾਰ-ਪੰਜ ਨਿਹੰਗ ਸਿੰਘ ਛਾਉਣੀਆਂ ਹੋਣੀਆਂ ਜ਼ਰੂਰੀ ਹਨ। ਅਜਿਹਾ ਕਰਕੇ ਹੀ ਗਊ ਗਰੀਬ ਦੀ ਰੱਖਿਆ ਕੀਤੀ ਜਾ ਸਕਦੀ ਹੈ ਅਤੇ ਸਿੱਖ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕੀਤਾ ਜਾ ਸਕਦਾ ਹੈ। ਉਹ ਜ਼ਿਲ੍ਹੇ ਦੇ ਪਿੰਡ ਬਾਗਪੁਰ ਸਤੌਰ ਵਿੱਚ ਛਾਉਣੀ ਨਿਹੰਗ ਸਿੰਘਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦਾ ਨੀਂਹ ਪੱਥਰ ਰੱਖਣ ਪੁੱਜੇ ਸਨ। ਪਿੰਡ ਬੱਸੀ ਮੁੱਦਾ ਨੇੜੇ ਨਵੇਂ ਬਣਨ ਵਾਲੇ ਇਸ ਧਾਰਮਿਕ ਸਥਾਨ ਤੇ ਛਾਉਣੀ ਨਿਹੰਗ ਸਿੰਘਾਂ ਦੀ ਕਾਰ ਸੇਵਾ ਸ਼੍ੋਮਣੀ ਭਗਤ ਧੰਨਾ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਗੁਰਦੇਵ ਸਿੰਘ ਕਰਵਾ ਰਹੇ ਹਨ। ਇਸ ਮੌਕੇ ਸ੍ਰੀ ਗੜਗੱਜ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਵਧ ਰਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਅਤੇ ਸਿੱਖੀ ਤੋਂ ਟੁੱਟਦੇ ਜਾ ਰਹੇ ਭੁੱਲੜ ਵੀਰਾਂ ਨੂੰ ਘਰ ਵਾਪਸ ਮੋੜਨ ਲਈ ਸਿੱਖ ਰਹਿਤ ਮਰਿਆਦਾਵਾਂ ਅਤੇ ਧਰਮ ਦੇ ਪ੍ਰਚਾਰ ਦੀ ਵਧੇਰੇ ਲੋੜ ਹੈ। ਇਸ ਕਾਰਜ ਲਈ ਸਮੂਹ ਪੰਥਕ ਜਥੇਬੰਦੀਆਂ ਨੂੰ ਆਪੋ ਆਪਣੇ ਪੱਧਰ ’ਤੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਇਸ ਅਸਥਾਨ ਲਈ ਜ਼ਮੀਨ ਦੀ ਸੇਵਾ ਕਰਨ ਵਾਲੇ ਨਿਹੰਗ ਸਿੰਘ ਬਾਬਾ ਦਲੀਪ ਸਿੰਘ ਦੇ ਪੁੱਤਰ ਅਜੈਬ ਸਿੰਘ ਅਤੇ ਪੋਤਰੀ ਬੀਬੀ ਇੰਦਰਜੀਤ ਕੌਰ ਦਾ ਸਨਮਾਨ ਕੀਤਾ। ਇਸ ਮੌਕੇ ਜਥੇਦਾਰ ਬਾਬਾ ਗੁਰਦੇਵ ਸਿੰਘ ਮੁਖੀ ਸ਼੍ਰੋਮਣੀ ਭਗਤ ਧੰਨਾ ਦਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਗੜਗੱਜ ਵੱਲੋਂ ਸ਼ਹੀਦ ਪਰਿਵਾਰ ਨਾਲ ਮੁਲਾਕਾਤ
ਚਮਕੌਰ ਸਾਹਿਬ (ਸੰਜੀਵ ਬੱਬੀ): ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਜ਼ਦੀਕੀ ਪਿੰਡ ਗਧਰਾਮ ਕਲਾਂ ਵਿੱਚ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਮੀਤ ਪ੍ਰਧਾਨ ਜੁਝਾਰ ਸਿੰਘ ਦੇ ਘਰ ਪਹੁੰਚੇ। ਇਸ ਦੌਰਾਨ ਉਨ੍ਹਾਂ ਪਿਛਲੇ ਖਾੜਕੂ ਸੰਘਰਸ਼ ਦੌਰਾਨ ਅਹਿਮ ਯੋਗਦਾਨ ਪਾਉਣ ਵਾਲੇ ਮਾਤਾ ਤੇਜ ਕੌਰ ਗਧਰਾਮ, ਪ੍ਰਧਾਨ ਇਸਤਰੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਰੂਪਨਗਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਮਾਤਾ ਤੇਜ ਕੌਰ ਦੀ ਧੀ ਮਨਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਰਵਿੰਦਰਜੀਤ ਸਿੰਘ ਟੈਣੀ ਨੂੰ ਖੰਨਾ ਪੁਲੀਸ ਨੇ ਮੁਕਾਬਲੇ ਦੌਰਾਨ ਸ਼ਹੀਦ ਕਰ ਦਿੱਤਾ ਸੀ ਤੇ ਉਨ੍ਹਾਂ ਦੇ ਪੁੱਤਰ ਜਸਵੀਰ ਸਿੰਘ ਦਾ ਪਿੰਡ ਕਲੌਦੀ ਵਿੱਚ ਮੁਕਾਬਲਾ ਹੋ ਗਿਆ ਸੀ ਅਤੇ ਭਤੀਜੇ ਮੁਖਤਿਆਰ ਸਿੰਘ ਨੂੰ ਲੁਧਿਆਣਾ ਪੁਲੀਸ ਨੇ ਚੁੱਕ ਕੇ ਲਾਪਤਾ ਕਰ ਦਿੱਤਾ ਸੀ। ਉਸ ਦਾ ਅੱਜ ਤੱਕ ਵੀ ਪਤਾ ਨਹੀਂ ਲੱਗਿਆ। ਜਦੋਂਕਿ ਮਾਤਾ ਤੇਜ ਕੌਰ, ਉਨ੍ਹਾਂ ਦੀ ਭੈਣ ਪਾਲ ਕੌਰ ਅਤੇ ਮਨਜੀਤ ਕੌਰ ਦੀ ਛੋਟੀ ਭੈਣ ਰਘਵੀਰ ਕੌਰ ਵੀ ਤਕਰੀਬਨ 13-14 ਸਾਲ ਘਰ ਤੋਂ ਭਗੌੜੇ ਰਹੇ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਕੌਮ ਨੂੰ ਉਨ੍ਹਾਂ ਦੀ ਕੁਰਬਾਨੀ ’ਤੇ ਮਾਣ ਹੈ ਅਤੇ ਕੌਮ ਹਮੇਸ਼ਾ ਸ਼ਹੀਦ ਪਰਿਵਾਰ ਨਾਲ ਖੜ੍ਹੀ ਹੈ। ਇਸ ਤੋਂ ਪਹਿਲਾ ਜਥੇਦਾਰ ਗੜਗੱਜ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ ਗਿਆ। ਇਸ ਮੌਕੇ ਬੀਕੇਯੂ ਖੋਸਾ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਅਮਰਿੰਦਰ ਸਿੰਘ ਧਾਲੀਵਾਲ ਤੇ ਉਨ੍ਹਾਂ ਦੀ ਪਤਨੀ ਅਮਨਦੀਪ ਕੌਰ, ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਜਸਪ੍ਰੀਤ ਸਿੰਘ, ਦਲਵੀਰ ਸਿੰਘ, ਗੁਰਮੇਲ ਸਿੰਘ, ਗੁਰਪ੍ਰੀਤ ਕੌਰ ਅਤੇ ਪਰਮਿੰਦਰ ਕੌਰ ਹਾਜ਼ਰ ਸਨ।