ਹਰਿਆਣਾ ਸਰਕਾਰ ਚੌਵੀ ਫ਼ਸਲਾਂ ’ਤੇ ਐੱਮਐੱਸਪੀ ਦੇ ਰਹੀ ਹੈ: ਮਿੱਢਾ
ਜਗਤਾਰ ਸਮਾਲਸਰ
ਏਲਨਾਬਾਦ, 14 ਜਨਵਰੀ
ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੀਆਂ 24 ਫ਼ਸਲਾਂ ਐੱਮਐੱਸਪੀ ’ਤੇ ਖਰੀਦੀਆਂ ਜਾ ਰਹੀਆ ਹਨ ਜਦਕਿ ਪੰਜਾਬ ਸਰਕਾਰ ਵੱਲੋਂ ਕੇਵਲ ਤਿੰਨ ਫ਼ਸਲਾਂ ਹੀ ਐੱਮਐੱਸਪੀ ’ਤੇ ਖਰੀਦੀਆਂ ਜਾ ਰਹੀਆ ਹਨ ਪਰ ਫਿਰ ਵੀ ਪੰਜਾਬ ਸਰਕਾਰ ਕਿਸਾਨਾਂ ਨੂੰ ਹਰਿਆਣਾ ਸਰਕਾਰ ਦੇ ਖ਼ਿਲਾਫ਼ ਭੜਕਾ ਰਹੀ ਹੈ। ਇਹ ਗੱਲਾਂ ਅੱਜ ਪਿੰਡ ਮਾਧੋਸਿੰਘਾਨਾ ਵਿੱਚ ਕਿਸਾਨ ਮੇਲੇ ਦਾ ਉਦਘਾਟਨ ਕਰਦਿਆ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਕ੍ਰਿਸ਼ਨ ਮਿੱਢਾ ਨੇ ਕਹੀਆਂ। ਉਨ੍ਹਾਂ ਕਿਹਾ ਕਿ ਸਰਕਾਰ ਭਾਵੰਤਰ ਯੋਜਨਾ ਤਹਿਤ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਕਰ ਰਹੀ ਹੈ ਅਤੇ ਜਲਦੀ ਹੀ ਕਿਸਾਨ ਸਨਮਾਨ ਨਿਧੀ ਦੀ ਰਾਸ਼ੀ ਨੂੰ 6 ਹਜ਼ਾਰ ਤੋਂ ਵਧਾ ਕੇ 12 ਹਜ਼ਾਰ ਰੁਪਏ ਕੀਤਾ ਜਾਵੇਗਾ। ਸਰਕਾਰ ਵੱਲੋਂ ‘ਮੇਰਾ ਪਾਣੀ ਮੇਰੀ ਵਿਰਾਸਤ’ ਯੋਜਨਾ ਤਹਿਤ ਹਰ ਟੇਲ ਤੱਕ ਪਾਣੀ ਪਹੁੰਚਾਇਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਮੇਲੇ ਵਿੱਚ ਖੇਤੀਬਾੜੀ ਨਾਲ ਸਬੰਧਤ ਲਗਾਈਆਂ ਗਈਆਂ 100 ਤੋਂ ਜ਼ਿਆਦਾ ਸਟਾਲਾਂ ਦਾ ਨਿਰੀਖ਼ਣ ਕੀਤਾ। ਲੋਕਾਂ ਵੱਲੋਂ ਡਿਪਟੀ ਸਪੀਕਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਵਿੱਚ ਪਿੰਡ ਮਾਧੋਸਿੰਘਾਨਾ ਨੂੰ ਉਪ ਤਹਿਸੀਲ ਬਣਾਉਣ, ਮਾਧੋਸਿੰਘਾਨਾ ਤੋਂ ਰਾਜਸਥਾਨ ਸੀਮਾ ਤੱਕ ਪੱਕੀ ਸੜਕ ਬਣਾਉਣ, ਪਿੰਡ ਅਤੇ ਆਸ-ਪਾਸ ਦੀਆਂ ਢਾਣੀਆਂ ਵਿੱਚ ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਦਿੱਤੇ ਜਾਣ ਅਤੇ ਪਿੰਡ ਮਾਧੋਸਿੰਘਾਨਾ ਦੇ 25 ਏਕੜ ਵਿੱਚ ਸਥਿਤ ਛੱਪੜ ਦੀ ਖੁਦਾਈ ਕਰਵਾਏ ਜਾਣ ਦੀ ਮੰਗ ਕੀਤੀ ਗਈ।