ਹਰਿਆਣਾ ’ਚ ਪੰਜਾਬੀ ਦੇ ਸਰਬਪੱਖੀ ਵਿਕਾਸ ਲਈ ਯਤਨ ਕਰਾਂਗੇ: ਖੋਸਾ
ਜਗਤਾਰ ਸਮਾਲਸਰ
ਏਲਨਾਬਾਦ, 5 ਜਨਵਰੀ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿੱਚ ਸਰਵ ਸਿੱਖ ਪੰਥ ਦੇ ਉਮੀਦਵਾਰਾਂ ਦੀ ਜਿੱਤ ਤੋਂ ਬਾਅਦ ਸੂਬੇ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ ਅਤੇ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਰੁਤਬਾ ਦਿਵਾਇਆ ਜਾਵੇਗਾ। ਇਹ ਗੱਲਾਂ ਅੱਜ ਸਰਵ ਸਿੱਖ ਪੰਥ ਦੇ ਆਗੂ ਮਲਕੀਤ ਸਿੰਘ ਖੋਸਾ ਨੇ ਕਹੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਸਰਵ ਸਿੱਖ ਪੰਥ ਦੇ ਉਮੀਦਵਾਰਾਂ ਦੀ ਜਿੱਤ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਬਜਟ ਵਿੱਚੋਂ ਧਰਮ ਪ੍ਰਚਾਰ ਦੇ ਨਾਲ-ਨਾਲ ਸਿੱਖਿਆ ਸੰਸਥਾਵਾਂ ਅਤੇ ਸਿਹਤ ਸਹੂਲਤਾਂ ਤੇ ਪੈਸੇ ਖਰਚ ਕੀਤੇ ਜਾਣਗੇ। ਖੋਸਾ ਨੇ ਕਿਹਾ ਕਿ ਅੱਜ ਭਾਵੇਂ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਹਰਿਆਣਾ ਵਿੱਚ ਦੂਜੀ ਭਾਸ਼ਾ ਦਾ ਦਰਜਾ ਤਾਂ ਦਿੱਤਾ ਜਾ ਚੁੱਕਾ ਹੈ ਪਰ ਪੰਜਾਬੀ ਨੂੰ ਅਸਲੀ ਰੂਪ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੇ ਉਮੀਦਵਾਰਾਂ ਦੀ ਜਿੱਤ ਤੋਂ ਬਾਅਦ ਸਰਕਾਰੀ ਅਦਾਰਿਆਂ ਵਿੱਚ ਪੰਜਾਬੀ ਭਾਸ਼ਾ ਨੂੰ ਸਹੀ ਢੰਗ ਨਾਲ ਲਾਗੂ ਕਰਨ, ਸਕੂਲਾਂ ਵਿੱਚ ਪੰਜਾਬੀ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ ਦੀ ਸ਼ਰਤ ਖ਼ਤਮ ਕਰਨ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ ਜਾਵੇਗੀ। ਖੋਸਾ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਸਰਵ ਸਿੱਖ ਪੰਥ ਵੱਲੋਂ ਵਾਰਡ ਨੰਬਰ 32 (ਏਲਨਾਬਾਦ) ਤੋਂ ਹਰਪਾਲ ਸਿੰਘ ਕੁੱਤਾਵੱਢ, ਵਾਰਡ ਨੰਬਰ 31 (ਰਾਣੀਆਂ) ਤੋਂ ਹਰਜੀਤ ਸਿੰਘ ਉਰਫ਼ ਅੰਗਰਜ਼ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸਰਵ ਸਿੱਖ ਪੰਥ ਵੱਲੋਂ ਸਿਰਸਾ ਵਿੱਚ ਕੁੱਲ 8, ਫਤਿਹਾਬਾਦ ਵਿੱਚ 4 ਅਤੇ ਹਿਸਾਰ ਵਿੱਚ ਇੱਕ ਉਮੀਦਵਾਰ ਚੋਣ ਮੈਦਾਨ ਵਿੱਚ ਹੈ। ਖੋਸਾ ਨੇ ਇਨ੍ਹਾਂ ਚੋਣਾਂ ਵਿੱਚ ਸਰਵ ਸਿੱਖ ਪੰਥ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਤਾਂ ਜੋ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕੀਤਾ ਜਾ ਸਕੇਂ।