ਹਰਿਆਣਾ ਗੁਰਦੁਆਰਾ ਕਮੇਟੀ ਚੋਣਾਂ: ਏਲਨਾਬਾਦ ’ਚ ਛੇ ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ
ਜਗਤਾਰ ਸਮਾਲਸਰ
ਏਲਨਾਬਾਦ, 2 ਜਨਵਰੀ
ਆਗਾਮੀ 19 ਜਨਵਰੀ ਨੂੰ ਹੋਣ ਵਾਲੀਆਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲਈ ਅੱਜ ਨਾਮਜ਼ਦਗੀਆਂ ਵਾਪਸ ਲੈਣ ਦੇ ਅੰਤਿਮ ਦਿਨ ਵਾਰਡ ਨੰਬਰ 32 (ਏਲਨਾਬਾਦ) ਤੋਂ ਚਾਰ ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਵਾਪਸ ਲੈ ਲਏ ਗਏ, ਜਿਸ ਕਾਰਨ ਹੁਣ ਇਸ ਵਾਰਡ ਵਿੱਚ ਕੁੱਲ 6 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਕੁੱਲ 10 ਉਮੀਦਵਾਰਾਂ ਨੇ ਆਪਣੇ ਪਰਚੇ ਦਾਖ਼ਲ ਕੀਤੇ ਸਨ। ਹੁਣ ਵਾਰਡ ਨੰਬਰ 32 ਵਿੱਚ ਗੁਰਪਾਲ ਸਿੰਘ ਵਾਸੀ ਢਾਣੀ ਅਲਬੇਲ ਸਿੰਘ, ਗੁਰਸੇਵਕ ਸਿੰਘ ਵਾਸੀ ਸੰਤਾਵਾਲੀ, ਜੀਤ ਸਿੰਘ ਵਾਸੀ ਏਲਨਾਬਾਦ, ਹਰਪਾਲ ਸਿੰਘ ਵਾਸੀ ਕੁੱਤਾਵੱਢ, ਫੁੰਮਣ ਸਿੰਘ ਵਾਸੀ ਸੰਤਨਗਰ ਅਤੇ ਬੂਟਾ ਸਿੰਘ ਵਾਸੀ ਅੰਮ੍ਰਿਤਸਰ ਕਲਾਂ ਚੋਣ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਹੁਣ ਕੁੱਲ 9124 ਵੋਟਾਂ ਹਨ ਜਦਕਿ 14 ਜਨਵਰੀ ਨੂੰ ਨਵੀਂ ਵੋਟਰ ਸੂਚੀ ਆਵੇਗੀ। ਵਾਰਡ ਨੰਬਰ 31 (ਰਾਣੀਆਂ) ਤੋਂ ਕੁੱਲ ਦੋ ਉਮੀਦਵਾਰਾਂ ਵੱਲੋਂ ਪਰਚੇ ਵਾਪਸ ਲੈਣ ਕਾਰਨ ਹੁਣ ਸਿਰਫ਼ ਦੋ ਉਮੀਦਵਾਰ ਹਰਜੀਤ ਸਿੰਘ ਵਾਸੀ ਢਾਣੀ ਸਤਨਾਮ ਸਿੰਘ ਅਤੇ ਬਲਜਿੰਦਰ ਸਿੰਘ ਵਾਸੀ ਰਾਣੀਆ ਚੋਣ ਮੈਦਾਨ ਵਿੱਚ ਹਨ। ਰਿਟਰਨਿੰਗ ਅਧਿਕਾਰੀ ਅਤੇ ਐੱਸਡੀਐੱਮ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਅੱਜ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ 19 ਜਨਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਪ੍ਰਕਿਰਿਆ ਹੋਵੇਗੀ। ਇਸ ਤੋਂ ਬਾਅਦ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਪੋਲਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ।