ਹਰਿਆਣਾ ਗੁਰਦੁਆਰਾ ਕਮੇਟੀ ਚੋਣਾਂ: ਏਲਨਾਬਾਦ, ਰਾਣੀਆਂ ਤੇ ਕਾਲਾਂਵਾਲੀ ਤੋਂ 39 ਨਾਮਜ਼ਦਗੀਆਂ ਦਾਖ਼ਲ
ਜਗਤਾਰ ਸਮਾਲਸਰ
ਏਲਨਾਬਾਦ, 28 ਦਸੰਬਰ
ਆਗਾਮੀ 19 ਜਨਵਰੀ ਨੂੰ ਹੋਣ ਵਾਲੀਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵਾਰਡ ਨੰਬਰ-31 (ਰਾਣੀਆਂ) ਅਤੇ ਵਾਰਡ ਨੰਬਰ-32 (ਏਲਨਾਬਾਦ) ਤੋਂ ਅੱਜ ਨਾਮਜ਼ਦਗੀਆਂ ਭਰਨ ਦੇ ਅੰਤਿਮ ਦਿਨ ਕੁੱਲ 14 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਵਾਰਡ ਨੰਬਰ 32 ਵਿੱਚ ਗੁਰਪਾਲ ਸਿੰਘ, ਸੂਬਾ ਸਿੰਘ, ਗੁਰਸੇਵਕ ਸਿੰਘ, ਹਰਵਿੰਦਰ ਸਿੰਘ, ਜਸਵੀਰ ਸਿੰਘ, ਜੀਤ ਸਿੰਘ, ਹਰਪਾਲ ਸਿੰਘ, ਫੁੰਮਣ ਸਿੰਘ, ਮਨਪ੍ਰੀਤ ਕੌਰ ਅਤੇ ਬੂਟਾ ਸਿੰਘ ਨੇ ਆਪਣੇ ਪੱਤਰ ਦਾਖ਼ਲ ਕੀਤੇ ਹਨ ਜਦਕਿ ਵਾਰਡ ਨੰਬਰ 31 (ਰਾਣੀਆਂ) ਤੋਂ ਹਰਜੀਤ ਸਿੰਘ, ਲਖਵਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਰਾਜਵਿੰਦਰ ਕੌਰ ਨੇ ਆਪਣੇ ਕਾਗਜ਼ ਦਾਖ਼ਲ ਕੀਤੇ। ਉਪਰੋਕਤ ਦੋਵੇਂ ਵਾਰਡਾਂ ਦੇ ਰਿਟਰਨਿੰਗ ਅਧਿਕਾਰੀ ਅਤੇ ਐੱਸਡੀਐੱਮ ਰਾਜੇਸ਼ ਕੁਮਾਰ ਨੇ ਦੱਸਿਆ ਕਿ 30 ਦਸੰਬਰ ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ। ਇਸ ਤੋਂ ਬਾਅਦ ਰਿਟਰਨਿੰਗ ਅਫ਼ਸਰ ਦੇ ਹੁਕਮਾਂ ਵਿੱਚ ਸੋਧ ਲਈ 31 ਦਸੰਬਰ ਨੂੰ ਡਿਪਟੀ ਕਮਿਸ਼ਨਰ ਅੱਗੇ ਅਰਜ਼ੀ ਦਿੱਤੀ ਜਾ ਸਕਦੀ ਹੈ। ਪਹਿਲੀ ਜਨਵਰੀ ਨੂੰ ਰਿਵੀਜ਼ਨ ਅਰਜ਼ੀ ਤੇ ਡਿਪਟੀ ਕਮਿਸ਼ਨਰ ਵੱਲੋਂ ਫ਼ੈਸਲਾ ਲਿਆ ਜਾਵੇਗਾ ਅਤੇ ਯੋਗ ਨਾਮਜ਼ਦਗੀ ਪੱਤਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਨਾਮਜ਼ਦਗੀ ਪੱਤਰ 2 ਜਨਵਰੀ ਨੂੰ ਬਾਅਦ ਦੁਪਹਿਰ 3 ਵਜੇ ਤੱਕ ਵਾਪਸ ਲਏ ਜਾ ਸਕਦੇ ਹਨ ਅਤੇ ਚੋਣ ਨਿਸ਼ਾਨ 3 ਵਜੇ ਤੋਂ ਬਾਅਦ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ 19 ਜਨਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਪ੍ਰਕਿਰਿਆ ਹੋਵੇਗੀ। ਇਸ ਤੋਂ ਬਾਅਦ ਸਾਰੇ ਪੋਲਿੰਗ ਸਟੇਸ਼ਨਾਂ ਤੇ ਪੋਲਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ।
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕਾਲਾਂਵਾਲੀ ਖੇਤਰ ਦੇ ਚਾਰ ਹਲਕਿਆਂ ਤੋਂ ਕੁੱਲ 25 ਉਮੀਦਵਾਰਾਂ ਨੇ ਕਾਲਾਂਵਾਲੀ ਦੇ ਐੱਸਡੀਐਮ ਦਫ਼ਤਰ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਨੂੰ ਲੈ ਕੇ ਸ਼ਨਿਚਰਵਾਰ ਸਵੇਰ ਤੋਂ ਹੀ ਐੱਸਡੀਐੱਮ ਦਫ਼ਤਰ ਵਿੱਚ ਗਹਿਮਾਗਹਿਮੀ ਦਾ ਮਾਹੌਲ ਬਣਿਆ ਹੋਇਆ ਸੀ। ਕਾਲਾਂਵਾਲੀ ਖੇਤਰ ਵਿੱਚ ਕਮੇਟੀ ਦੀ ਚੋਣ ਲਈ ਚਾਰ ਵਾਰਡ ਬਣਾਏ ਗਏ ਹਨ, ਜਿਨ੍ਹਾਂ ਵਿੱਚ ਕਾਲਾਂਵਾਲੀ, ਰੋੜੀ, ਵੱਡਾਗੁੜ੍ਹਾ ਅਤੇ ਪਿਪਲੀ ਸ਼ਾਮਲ ਹਨ। ਕਾਲਾਂਵਾਲੀ ਦੇ ਵਾਰਡ ਨੰਬਰ 35 ਤੋਂ 6 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਹਲਕਾ ਰੋੜੀ ਵਾਰਡ 36 ਤੋਂ ਪੰਜ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਹਲਕਾ ਵੱਡਾਗੁੜਾ ਵਾਰਡ 37 ਤੋਂ 5 ਅਤੇ ਹਲਕਾ ਪਿਪਲੀ ਵਾਰਡ 38 ਤੋਂ 10 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸ ਤਰ੍ਹਾਂ ਕਾਲਾਂਵਾਲੀ ਖੇਤਰ ਦੇ ਚਾਰ ਵਾਰਡਾਂ ਤੋਂ ਕੁੱਲ 25 ਵਿਅਕਤੀਆਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਹਲਕਾ ਕਾਲਾਂਵਾਲੀ, ਸੰਤ ਗੁਰਮੀਤ ਸਿੰਘ ਤਿਲੋਕੇਵਾਲਾ ਨੇ ਹਲਕਾ ਰੋੜੀ, ਪਰਮਜੀਤ ਸਿੰਘ ਮਾਖਾ ਨੇ ਹਲਕਾ ਪਿਪਲੀ ਵਾਰਡ 38 ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।