ਹਰਵੀਰ ਕੌਰ ਬਹਾਦਰਪੁਰ ਦਾ ਮੈਰਿਟ ਸੂਚੀ ’ਚ 17 ਰੈਂਕ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 16 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਅਨੁਸਾਰ ਪ੍ਰਸ਼ਾਂਤੀ ਪਬਲਿਕ ਸਕੂਲ ਉਭਾਵਾਲ ਦੀ ਵਿਦਿਆਰਥਣ ਹਰਵੀਰ ਕੌਰ ਪੁੱਤਰੀ ਬਲਵੰਤ ਸਿੰਘ ਬਹਾਦਰਪੁਰ ਨੇ 650 ਅੰਕਾਂ ਵਿੱਚੋਂ 633 ਅੰਕ ਲੈ ਕੇ ਮੈਰਿਟ ਸੂਚੀ ਵਿਚ 17ਵਾਂ ਰੈਂਕ ਪ੍ਰਾਪਤ ਕਰਕੇ ਜਿੱਥੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਆਪਣੇ ਮਾਪਿਆਂ ਦਾ ਵੀ ਨਾਮ ਵੀ ਸੂਬੇ ਵਿੱਚ ਚਮਕਾਇਆ ਹੈ। ਇਸ ਵਿਦਿਆਰਥਣ ਵੱਲੋਂ ਮੈਰਿਟ ਸੂਚੀ ਵਿੱਚ ਨਾਮ ਸ਼ਾਮਲ ਹੋਣ ਦੀ ਖੁਸ਼ੀ ਵਿੱਚ ਜਿੱਥੇ ਸਕੂਲ ਦੇ ਸਟਾਫ ਵਿੱਚ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ, ਉੱਥੇ ਹਰਵੀਰ ਕੌਰ ਦੇ ਮਾਪਿਆਂ ਦੀ ਖੁਸ਼ੀ ਦੀ ਵੀ ਕੋਈ ਹੱਦ ਨਹੀਂ ਰਹਿ ਰਹੀ। ਹਰਵੀਰ ਕੌਰ ਦੇ ਘਰ ਬਹਾਦਰਪੁਰ ਵਿੱਚ ਮਾਪਿਆਂ ਨੂੰ ਰਿਸ਼ਤੇਦਾਰਾਂ, ਭੈਣ- ਭਰਾਵਾਂ ਅਤੇ ਸਕੂਲ ਦੇ ਸਟਾਫ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਸਕੂਲ ਦੇ ਚੇਅਰਮੈਨ ਅਤੇ ਪ੍ਰਿੰਸੀਪਲ ਨੇ ਫ਼ਖ਼ਰ ਮਹਿਸੂਸ ਕਰਦਿਆਂ ਦੱਸਿਆ ਕਿ ਪ੍ਰਸ਼ਾਂਤੀ ਪਬਲਿਕ ਸਕੂਲ ਦੇ 21 ਬੱਚਿਆਂ ਵੱਲੋਂ ਦਸਵੀਂ ਜਮਾਤ ਦਾ ਇਮਤਿਹਾਨ ਦਿੱਤਾ ਗਿਆ ਸੀ। ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਅਨੁਸਾਰ ਹਰਵੀਰ ਕੌਰ ਨੇ 650 ’ਚੋਂ 633 ਅੰਕ ਲੈ ਕੇ 97.38 ਫੀਸਦੀ ਅੰਕ ਹਾਸਲ ਕਰਕੇ ਪੰਜਾਬ ਭਰ ’ਚੋਂ 17ਵਾਂ ਰੈਂਕ ਹਾਸਲ ਕੀਤਾ ਹੈ। ਇਸੇ ਤਰ੍ਹਾਂ ਬਾਕੀ ਬੱਚਿਆਂ ਨੇ ਵੀ ਅੱਵਲ ਦਰਜੇ ਵਿੱਚ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਚਮਕਾਇਆ ਹੈ। ਜ਼ਿਕਰ ਯੋਗ ਹੈ ਕਿ ਹਰਵੀਰ ਕੌਰ ਦੇ ਪਿਤਾ ਬਲਵੰਤ ਸਿੰਘ ਬਹਾਦਰਪੁਰ ਜੋ ਕਿ ਪਿੰਗਲਵਾੜਾ ਵਿਖੇ ਸੇਵਾਦਾਰ ਵਜੋਂ ਸੇਵਾਵਾਂ ਨਿਭਾ ਰਿਹਾ ਹੈ। ਹਰਵੀਰ ਕੌਰ ਨੇ ਕਿਹਾ ਕਿ ਉਹ ਆਈਏਐਸ ਦੀ ਪੜ੍ਹਾਈ ਕਰਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ।
ਇੰਜੀਨੀਅਰ ਬਣਨਾ ਚਾਹੁੰਦੀਆਂ ਹਨ ਦੀਪਾਕਸ਼ੀ ਤੇ ਦਿਵਾਂਸੀ
Advertisementਸੁਨਾਮ ਊਧਮ ਸਿੰਘ ਵਾਲਾ(ਸਤਨਾਮ ਸਿੰਘ ਸੱਤੀ): ਮਾਡਲ ਬੇਸਿਕ ਸਕੂਲ ਸੁਨਾਮ ਦੀ ਵਿਦਿਆਰਥਣ ਦੀਪਾਕਸ਼ੀ ਅਤੇ ਦੀਵਾਂਸ਼ੀ ਕਾਂਸਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਕ੍ਰਮਵਾਰ 91.54% ਅਤੇ 91% ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਦੀਪਾਕਸ਼ੀ ਅਤੇ ਦੀਵਾਂਸ਼ੀ ਕਾਂਸਲ ਨੇ ਕਿਹਾ ਕਿ ਉਹ ਇੰਜਨੀਅਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀਆਂ ਹਨ। ਇਸੇ ਤਰ੍ਹਾਂ ਦੀਵਾਂਸ਼ੀ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੀ ਦਾਦੀ ਕਿਰਨ ਕਾਂਸਲ, ਮਾਂ ਕਾਜਲ ਕਾਂਸਲ ਅਤੇ ਪਿਤਾ ਸੁਸ਼ੀਲ ਕਾਂਸਲ ਨੂੰ ਦਿੱਤਾ ਹੈ। ਸਕੂਲ ਦੇ ਐੱਮਡੀ ਰਾਜੇਸ਼ ਕਾਂਸਲ, ਨਿਰਮਲ ਕਾਂਸਲ ਅਤੇ ਪ੍ਰਿੰਸੀਪਲ ਆਸ਼ਾ ਰਾਣੀ ਤੋਂ ਇਲਾਵਾ ਅਚੀਵਰ ਪੁਆਇੰਟ ਦੇ ਪ੍ਰਬੰਧਕਾਂ ਨੇ ਇਸ ਪ੍ਰਾਪਤੀ ਤੇ ਦੀਵਾਂਸ਼ੀ ਕਾਂਸਲ ਨੂੰ ਵਧਾਈ ਦਿੱਤੀ ਹੈ ਅਤੇ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ।