ਹਰਮਨ ਪਿਆਰੇ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ
ਸਰਬਜੀਤ ਸਿੰਘ ਕੰਵਲ
ਅਠਾਈ ਅਪਰੈਲ, 2025 ਨੂੰ ਰਸ-ਭਿੰਨੀ ਅਤੇ ਸੁਰੀਲੀ ਆਵਾਜ਼ ਦੇ ਮਾਲਕ ਹਰਮਨ ਪਿਆਰੇ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਪੁਰਸਕਾਰਾਂ ਵਿੱਚੋਂ ਇੱਕ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਗੁਰਬਾਣੀ ਗਾਉਣ ਅਤੇ ਇਲਾਹੀ ਸੰਗੀਤ ਰਾਹੀਂ ਸਿੱਖ ਧਰਮ ਦੇ ਅਧਿਆਤਮਿਕ ਸੰਦੇਸ਼ ਨੂੰ ਫੈਲਾਉਣ ਵਿੱਚ ਉਨ੍ਹਾਂ ਦੇ ਜੀਵਨ ਭਰ ਦੇ ਯੋਗਦਾਨ ਲਈ ਦਿੱਤਾ ਗਿਆ ਹੈ।

ਬੁਲੰਦੀ ਦੇ ਇਸ ਸ਼ਾਨਦਾਰ ਸਮੇਂ ਵੀ Bhai Harjinder Singh Srinagar Wale ਹਮੇਸ਼ਾਂ ਦੀ ਤਰ੍ਹਾਂ ਅਤਿ ਦੀ ਨਿਮਰਤਾ ਵਿੱਚ ਨਜ਼ਰ ਆਏ। ਜਿਵੇਂ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੁੰਦੇ ਹੋਏ ਰਾਸ਼ਟਰਪਤੀ ਵੱਲੋਂ ਮਿਲਿਆ ਸਰਟੀਫਿਕੇਟ ਪਹਿਲੀ ਵਾਰ ਖੋਲ੍ਹਿਆ, ਉਨ੍ਹਾਂ ਨੇ ਸਨਮਾਨ ’ਤੇ ਲਿਖੇ ਆਪਣੇ ਨਾਮ ਵੱਲ ਵੇਖਦਿਆਂ ਕਿਹਾ, ‘‘ਮੈਨੂੰ ਲੱਗਦਾ ਹੈ ਇਹ ਸਿਰਫ਼ ਮੇਰਾ ਨਾਮ ਨਹੀਂ ਹੈ - ਇਸ ਵਿੱਚ ਮੇਰੇ ਸਾਰੇ ਦੋਸਤਾਂ ਅਤੇ ਕੀਰਤਨੀ ਵੀਰਾਂ ਦਾ ਨਾਮ ਹੈ। ਇਹ ਪੁਰਸਕਾਰ ਉਨ੍ਹਾਂ ਸਾਰਿਆਂ ਦਾ ਹੈ।’’ ਉਨ੍ਹਾਂ ਕਿਹਾ ਕਿ ਸੰਗਤ ਦਾ ਪਿਆਰ ਉਨ੍ਹਾਂ ਲਈ ਸਭ ਤੋਂ ਵੱਡਾ ਇਨਾਮ ਹੈ ਜੋ ਕਿ ਕਿਸੇ ਵੀ ਉਪਾਧੀ ਜਾਂ ਸਨਮਾਨ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ। ਨਿਮਰਤਾ ਅਤੇ ਸ਼ੁਕਰਾਨੇ ਦੀ ਇਸ ਭਾਵਨਾ ਨੇ ਭਾਈ ਹਰਜਿੰਦਰ ਸਿੰਘ ਨੂੰ ਨਾ ਸਿਰਫ਼ ਇੱਕ ਪ੍ਰਸਿੱਧ ਕੀਰਤਨੀਏ ਬਣਾਇਆ ਹੈ, ਸਗੋਂ ਉਨ੍ਹਾਂ ਨੂੰ ਸਿੱਖ ਭਾਈਚਾਰੇ ਦੀਆਂ ਸਭ ਤੋਂ ਪਿਆਰੀਆਂ ਸ਼ਖ਼ਸੀਅਤਾਂ ਵਿੱਚੋਂ ਇੱਕ ਵਜੋਂ ਵੀ ਉਭਾਰਿਆ ਹੈ।
ਭਾਈ ਹਰਜਿੰਦਰ ਸਿੰਘ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਪਿੰਡ ਵਿੱਚ ਹੋਇਆ। ਸ਼ੁਰੂਆਤੀ ਜ਼ਿੰਦਗੀ ਸੌਖੀ ਨਹੀਂ ਸੀ। ਛੋਟੀ ਉਮਰੇ ਉਨ੍ਹਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਅਤੇ ਉਹ ਗ਼ਰੀਬੀ ਦੀ ਹਾਲਤ ਵਿੱਚ ਵੱਡੇ ਹੋਏ। ਉਨ੍ਹਾਂ ਨੇ ਅੰਮ੍ਰਿਤਸਰ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ ਧਾਰਮਿਕ ਪੜ੍ਹਾਈ ਕੀਤੀ, ਜਿੱਥੇ ਉਨ੍ਹਾਂ ਅੰਦਰ ਗੁਰਬਾਣੀ ਨਾਲ ਡੂੰਘੀ ਸਾਂਝ ਦੀ ਨੀਂਹ ਰੱਖੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਸ੍ਰੀਨਗਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਕੀਰਤਨੀਏ ਵਜੋਂ ਨੌਕਰੀ ਕਰ ਲਈ।
ਉਨ੍ਹਾਂ ਦੀ ਪਹਿਲੀ ਗੁਰਬਾਣੀ ਕੈਸੇਟ ‘ਸਭੁ ਦੇਸੁ ਪਰਾਇਆ’ ਬਹੁਤ ਉਮੀਦ ਨਾਲ ਰਿਲੀਜ਼ ਕੀਤੀ ਗਈ ਸੀ, ਪਰ ਉਸ ਸਮੇਂ ਸੰਗਤ ਸ਼ੁੱਧ ਗੁਰਬਾਣੀ ਕੀਰਤਨ ਦੀ ਬਜਾਏ ਧਾਰਮਿਕ ਗੀਤ ਸੁਣਨ ਵੱਲ ਵਧੇਰੇ ਝੁਕਾਅ ਰੱਖਦੀ ਸੀ। ਸਿੱਟੇ ਵਜੋਂ ਇਸ ਕੈਸੇਟ ਨੂੰ ਬਹੁਤਾ ਹੁੰਗਾਰਾ ਨਾ ਮਿਲਿਆ। ਸੰਗਤ ਦੀ ਪਸੰਦ ਨੂੰ ਸਮਝਦੇ ਹੋਏ ਭਾਈ ਹਰਜਿੰਦਰ ਸਿੰਘ ਸਾਹਿਬਜ਼ਾਦਿਆਂ ਨੂੰ ਸਮਰਪਿਤ ਧਾਰਮਿਕ ਗੀਤਾਂ ਦੀ ਇੱਕ ਕੈਸੇਟ ‘ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ’ ਲੈ ਕੇ ਆਏ, ਜਿਸ ਨੂੰ ਸਭ ਨੇ ਬਹੁਤ ਪਸੰਦ ਕੀਤਾ। ਇਸ ਕੈਸੇਟ ਨੇ ਭਾਈ ਸਾਹਬ ਨੂੰ ਉਹ ਮਾਨਤਾ ਦਵਾਈ ਜਿਸ ਦੇ ਉਹ ਲੰਬੇ ਸਮੇਂ ਤੋਂ ਹੱਕਦਾਰ ਸਨ।
ਇਸ ਸਫਲਤਾ ਤੋਂ ਉਤਸ਼ਾਹਿਤ ਹੋ ਕੇ ਉਨ੍ਹਾਂ ਨੇ ਦੁਬਾਰਾ ਆਪਣੀ ਪੁਰਾਣੀ ਸ਼ੁੱਧ ਗੁਰਬਾਣੀ ਵਾਲੀ ਕੈਸੇਟ ਜਾਰੀ ਕੀਤੀ। ਇਸ ਵਾਰ ਇਸ ਕੈਸੇਟ ਨੂੰ ਵੀ ਸੰਗਤ ਨੇ ਖ਼ੂਬ ਸੁਣਿਆ। ਇਹ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਸੀ। ਸੰਗਤਾਂ ਦੀ ਪਸੰਦ ਇੱਕ ਨਵਾਂ ਮੋੜ ਲੈ ਰਹੀ ਸੀ। ਸੰਗਤ ਨੇ ਹੌਲੀ-ਹੌਲੀ ਸ਼ੁੱਧ ਗੁਰਬਾਣੀ ਕੀਰਤਨ ਦੀ ਅਥਾਹ ਅਧਿਆਤਮਿਕ ਸ਼ਕਤੀ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਸਮੇਂ ਮਗਰੋਂ ਭਾਈ ਸਾਹਬ ਦੀ ਕੀਰਤਨ ਦੀ ਹਰ ਕੈਸੇਟ ਅਤੇ ਸੀਡੀ ਰਿਲੀਜ਼ ਹੁੰਦੇ ਹੀ ਘਰ-ਘਰ ਪਹੁੰਚ ਜਾਂਦੀ ਸੀ। ਸਾਢੇ ਚਾਰ ਦਹਾਕਿਆਂ ਵਿੱਚ ਉਨ੍ਹਾਂ ਨੇ 700 ਤੋਂ ਵੱਧ ਸ਼ਬਦ ਗਾਏ ਅਤੇ ਬੇਸ਼ੁਮਾਰ ਸੰਗਤਾਂ ਨੇ ਇਸ ਅਧਿਆਤਮਿਕ ਖੁਰਾਕ ਦਾ ਆਨੰਦ ਮਾਣਿਆ।
ਭਾਈ ਹਰਜਿੰਦਰ ਸਿੰਘ ਦਾ ਸੰਗੀਤ ਸਿਰਫ਼ ਇੱਕ ਕਲਾ ਦਾ ਰੂਪ ਨਹੀਂ ਹੈ, ਇਹ ਇੱਕ ਅਰਦਾਸ, ਇੱਕ ਜੋਦੜੀ ਅਤੇ ਜੀਵਨ ਦਾ ਇੱਕ ਤਰੀਕਾ ਹੈ। ਉਹ ਸਿਰਫ਼ ਆਪਣੀ ਗਾਇਕੀ ਦਾ ਪ੍ਰਦਰਸ਼ਨ ਹੀ ਨਹੀਂ ਕਰਦੇ ਸਗੋਂ ਗੁਰਬਾਣੀ ਦੇ ਰਸ ਵਿੱਚ ਭਿੱਜ ਕੇ ਗਾਉਂਦੇ ਹਨ। ਸ਼ਬਦ ਨਾਲ ਉਨ੍ਹਾਂ ਦਾ ਦਿਲੋਂ ਪ੍ਰੇਮ, ਸ਼ੁੱਧ ਤੇ ਸਪੱਸ਼ਟ ਉਚਾਰਨ ਅਤੇ ਭਾਵਨਾਤਮਕ ਪੇਸ਼ਕਾਰੀ ਇੱਕ ਡੂੰਘਾ ਰੂਹਾਨੀ ਅਨੁਭਵ ਪੈਦਾ ਕਰਦੀ ਹੈ। ਕੀਰਤਨ ਸਮਾਗਮਾਂ ਦੌਰਾਨ ਉਨ੍ਹਾਂ ਨੂੰ ਅੱਖਾਂ ਸਾਹਮਣੇ ਗਾਉਂਦਾ ਵੇਖ ਕੇ ਸੰਗਤ ਦੇ ਨੇਤਰਾਂ ਵਿੱਚੋਂ ਹੰਝੂ ਵਗਣੇ ਕੋਈ ਅਸਾਧਾਰਨ ਗੱਲ ਨਹੀਂ ਹੈ। ਉਨ੍ਹਾਂ ਦੀ ਆਵਾਜ਼ ਵਿੱਚ ਸਿਰਫ਼ ਸੁਰ ਹੀ ਨਹੀਂ, ਸਗੋਂ ਇੱਕ ਸ਼ਕਤੀਸ਼ਾਲੀ ਅਧਿਆਤਮਿਕ ਕੰਪਨ ਵੀ ਹੈ ਜੋ ਸੰਗਤ ਦੇ ਦਿਲ ਦੀ ਤਾਰ ਨੂੰ ਛੇੜਦੀ ਹੈ ਅਤੇ ਕੁਦਰਤੀ ਤੌਰ ’ਤੇ ਸਭ ਨੂੰ ਗੁਰੂ ਉਪਦੇਸ਼ ਨਾਲ ਜੋੜਦੀ ਹੈ।
ਰਾਗੀਆਂ ਦੀ ਨੌਜਵਾਨ ਪੀੜ੍ਹੀ ਨੂੰ ਭਾਈ ਹਰਜਿੰਦਰ ਸਿੰਘ ਇੱਕ ਸੁਹਿਰਦ ਸਲਾਹ ਦਿੰਦੇ ਹਨ। ਉਹ ਉਨ੍ਹਾਂ ਦੀ ਪ੍ਰਤਿਭਾ, ਰਾਗਾਂ ਦੇ ਗਿਆਨ ਅਤੇ ਸੰਗੀਤਕ ਹੁਨਰ ਨੂੰ ਸਵੀਕਾਰ ਕਰਦੇ ਹਨ, ਪਰ ਉਹ ਮੰਨਦੇ ਹਨ ਕਿ ਉਨ੍ਹਾਂ ਨੂੰ ਗਹਿਰੀ ਸੋਚ ਦੀ ਲੋੜ ਹੈ। ਉਹ ਕਹਿੰਦੇ ਹਨ, ‘‘ਨੌਜਵਾਨ ਬਹੁਤ ਸੁੰਦਰ ਗਾਉਂਦੇ ਹਨ, ਪਰ ਉਨ੍ਹਾਂ ਵਿੱਚ ਜਿਸ ਚੀਜ਼ ਦੀ ਘਾਟ ਹੈ ਉਹ ਹੈ ਸਕੂਨ। ਜਿਵੇਂ ਇੱਕ ਸੁਆਣੀ ਜੋ ਆਪਣੇ ਪਰਿਵਾਰ ਲਈ ਭੋਜਨ ਤਿਆਰ ਕਰਦੀ ਹੈ ਅਤੇ ਉਸ ਨੂੰ ਪਰੋਸਣ ਤੋਂ ਪਹਿਲਾਂ ਉਸ ਦਾ ਸੁਆਦ ਆਪ ਚਖ ਕੇ ਦੇਖਦੀ ਹੈ। ਇਸੇ ਪ੍ਰਕਾਰ ਇੱਕ ਰਾਗੀ ਨੂੰ ਪਹਿਲਾਂ ਗੁਰਬਾਣੀ ਦੇ ਅਧਿਆਤਮਿਕ ਸੁਆਦ ਨੂੰ ਆਪ ਚਖਣਾ ਚਾਹੀਦਾ ਹੈ ਅਤੇ ਫਿਰ ਦੂਜਿਆਂ ਲਈ ਗਾਉਣਾ ਚਾਹੀਦਾ ਹੈ।’’ ਇਹ ਤੁਲਨਾ ਬਹੁਤ ਡੂੰਘਾ ਭਾਵ ਰੱਖਦੀ ਹੈ-ਗੁਰਬਾਣੀ ਕੇਵਲ ਗੀਤ ਸੰਗੀਤ ਨਹੀਂ ਹੈ; ਇਹ ਆਤਮਾ ਦੀ ਖੁਰਾਕ ਹੈ। ਜਦੋਂ ਕੋਈ ਕੀਰਤਨੀਆ ਇਸ ਦੇ ਤੱਤ ਨੂੰ ਦਿਲੋਂ ਅਨੁਭਵ ਕਰ ਕੇ ਗਾਉਂਦਾ ਹੈ ਤਾਂ ਹੀ ਉਹ ਸਰੋਤਿਆਂ ਦੇ ਮਨ ਨੂੰ ਸੁੱਖ ਪ੍ਰਦਾਨ ਕਰ ਸਕਦਾ ਹੈ।
ਇਹ ਵੀ ਪੜ੍ਹੋ: ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ
ਜਿਵੇਂ ਕਿ ਅੱਜ ਵੀ ਸੰਗਤਾਂ ਆਪਣੇ ਸ਼ਹਿਰ ਵਿੱਚ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦੇ ਕੀਰਤਨ ਸਮਾਗਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ, ਭਾਈ ਸਾਹਬ ਦਾ ਸੰਦੇਸ਼ ਸਪੱਸ਼ਟ ਹੈ: ਗੁਰਬਾਣੀ ਨੂੰ ਸਿਰਫ਼ ਕੰਨ-ਰਸ ਸਮਝ ਕੇ ਹੀ ਨਾ ਸੁਣਿਆ ਜਾਵੇ, ਸਗੋਂ ਮਹਿਸੂਸ ਕੀਤਾ ਜਾਵੇ, ਸਮਝਿਆ ਜਾਵੇ ਅਤੇ ਗੁਰੂ ਦੀ ਮੱਤ ਅਨੁਸਾਰ ਜੀਵਨ ਜੀਇਆ ਜਾਵੇ। ਭਾਈ ਸਾਹਬ ਆਪਣੇ ਜੀਵਨ ਦੌਰਾਨ, ਇੱਕ ਅਜਿਹੀ ਵਿਰਾਸਤ ਬਣਾ ਰਹੇ ਹਨ ਜੋ ਰਾਗੀਆਂ, ਸਾਧਕਾਂ ਅਤੇ ਗੁਰਬਾਣੀ ਦੇ ਪ੍ਰੇਮੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।
ਸੰਪਰਕ: 98150-85016