ਹਰਪੁਰਾ ਦੀ ਟੀਮ ਨੇ ਜਿੱਤਿਆ ਫੁੱਟਬਾਲ ਟੂਰਨਾਮੈਂਟ
ਨਿੱਜੀ ਪੱਤਰ ਪ੍ਰੇਰਕ
ਕਾਦੀਆਂ, 22 ਮਈ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲੀਸ ਜ਼ਿਲ੍ਹਾ ਬਟਾਲਾ ਵੱਲੋਂ ਇੱਥੋਂ ਨੇੜੇ ਪਿੰਡ ਹਰਪੁਰਾ ਵਿੱਚ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਐੱਸਐੱਸਪੀ ਬਟਾਲਾ ਜਨਾਬ ਸੋਹੇਲ ਕਾਸਿਮ ਮੀਰ ਦੇ ਨਿਰਦੇਸ਼ਾਂ ਤਹਿਤ ਕਰਵਾਏ ਇਸ ਫੁੱਟਬਾਲ ਟੂਰਨਾਮੈਂਟ ਵਿੱਚ ਐੱਸਪੀ (ਹੈੱਡਕੁਆਰਟਰ) ਜਸਵੰਤ ਕੌਰ ਰਿਆੜ ਮੁੱਖ ਮਹਿਮਾਨ ਅਤੇ ਸਬ ਡਿਵੀਜ਼ਨ ਪੁਲੀਸ ਸਾਂਝ ਕੇਂਦਰ ਸ੍ਰੀ ਹਰਗੋਬਿੰਦਪੁਰ ਦੇ ਇੰਚਾਰਜ ਸੁਰਿੰਦਰ ਸਿੰਘ ਵਿਸ਼ੇਸ਼ ਮਹਿਮਾਨ ਸਾਮਲ ਹੋਏ। ਫੁੱਟਬਾਲ ਮੁਕਾਬਲੇ ’ਚ ਪਿੰਡ ਹਰਪੁਰਾ ਦੀ ਟੀਮ ਨੇ ਖੁਜਾਲਾ ਦੀ ਟੀਮ ਨੂੰ 2-1 ਦੇ ਫਰਕ ਨਾਲ ਹਰਾਇਆ। ਐੱਸਪੀ ਜਸਵੰਤ ਕੌਰ ਰਿਆੜ ਨੇ ਸੰਬੋਧਨ ਕਰਦਿਆਂ ਕਿਹਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੁਲੀਸ ਜ਼ਿਲ੍ਹਾ ਬਟਾਲਾ ਆਪਣੇ ਜ਼ਿਲ੍ਹੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਰੰਗਲਾ ਪੰਜਾਬ ਬਣਾਉਣ ਲਈ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਆਪਣਾ ਪੂਰਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਨਸ਼ਿਆਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਅਤੇ ਆਪਣੀ ਪੜ੍ਹਾਈ ਤੇ ਰੁਜ਼ਗਾਰ ਵੱਲ ਧਿਆਨ ਦੇਣ। ਜੇਤੂ ਖਿਡਾਰੀਆਂ ਨੂੰ ਐੱਸਪੀ ਰਿਆੜ ਨੇ ਇਨਾਮ ਅਤੇ ਪੰਜਾਬ ਪੁਲੀਸ ਵੱਲੋਂ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਗੁਰਦਾਸਪੁਰ ਇੰਦਰਜੀਤ ਸਿੰਘ ਬਾਜਵਾ, ਥਾਣਾ ਘੁਮਾਣ ਮੁਖੀ ਸਬ ਇੰਸਪੈਕਟਰ ਬਿਕਰਮਜੀਤ ਸਿੰਘ, ਐਸਆਈ ਪ੍ਰਭਪਾਲ ਸਿੰਘ ਸਮੇਤ ਹੋਰ ਪੁਲੀਸ ਅਧਿਕਾਰੀਆਂ ਤੋਂ ਇਲਾਵਾ ਪਿੰਡ ਹਰਪੁਰਾ ਦੇ ਸਰਪੰਚ ਮਨਦੀਪ ਸਿੰਘ, ਸਾਬਕਾ ਸਰਪੰਚ ਹਰਪਾਲ ਸਿੰਘ ਹਰਪੁਰਾ, ਪ੍ਰਿੰਸੀਪਲ ਪ੍ਰਭਜੋਤ ਸਿੰਘ ਤੇ ਪੰਚ ਬਿਕਰਮਜੀਤ ਸਿੰਘ ਆਦਿ ਵੀ ਹਾਜ਼ਰ ਸਨ।