ਹਰਦਾਸਪੁਰਾ ਮਾਮਲੇ ’ਚ ਨਾਮਜ਼ਦ ਨੌਜਵਾਨ ਨੇ ਫ਼ਾਹਾ ਲਿਆ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 3 ਜੂਨ
ਹਲਕਾ ਮਹਿਲ ਕਲਾਂ ਦੇ ਪਿੰਡ ਹਰਦਾਸਪੁਰਾ ਵਿੱਚ ਹੋਈ ਲੜਾਈ ਵਿੱਚ ਨਾਮਜ਼ਦ ਨੌਜਵਾਨ ਨੇ ਪਿੰਡ ਠੁੱਲੀਵਾਲ ਅਤੇ ਟਿੱਬਾ ਨੇੜੇ ਡਰੇਨ ਦੀ ਪਟੜੀ ’ਤੇ ਦਰੱਖਤ ਨਾਲ ਫ਼ਾਹਾ ਲੈ ਲਿਆ। ਮ੍ਰਿਤਕ ਦੀ ਪਛਾਣ ਬਹਾਦਰ ਸਿੰਘ (28) ਪੁੱਤਰ ਸੁਖਦੇਵ ਸਿੰਘ ਵਜੋਂ ਹੋਈ। ਘਟਨਾ ਦੀ ਜਾਂਚ ਕਰ ਰਹੇ ਥਾਣਾ ਸ਼ੇਰਪੁਰ ਦੇ ਐੱਸਐੱਚਓ ਗੁਰਪਾਲ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ’ਤੇ ਮ੍ਰਿਤਕ ਦੀ ਕਾਰ ਖੜ੍ਹੀ ਸੀ ਅਤੇ ਮ੍ਰਿਤਕ ਵੱਲੋਂ ਕਾਰ ਦੀ ਸੀਟ ਬੈਲਟ ਕੱਟ ਕੇ ਦਰੱਖ਼ਤ ਨਾਲ ਫ਼ਾਹਾ ਲਿਆ ਗਿਆ। ਪੁਲੀਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਧੂਰੀ ਦੇ ਸਰਕਾਰੀ ਹਸਪਤਾਲ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਮਗਰੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਪਿੰਡ ਹਰਦਾਸਪੁਰਾ ਦੇ ਗੁਰਦੁਆਰੇ ਵਿੱਚ ਦੋ ਧਿਰਾਂ ਵਿੱਚ ਲੜਾਈ ਹੋਈ ਸੀ, ਜਿਸ ਵਿੱਚ ਪਹਿਲਾਂ ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੂੰ ਪਿੰਡ ਦੇ ਇੱਕ ਵਿਅਕਤੀ ਵੱਲੋਂ ਕਿਰਪਾਨ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ।
ਇਸ ਉਪਰੰਤ ਮ੍ਰਿਤਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਪਿਤਾ ’ਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਪੁਲੀਸ ਦੀ ਕਾਰ ਵਿੱਚੋਂ ਕੱਢ ਕੇ ਕੁੱਟਮਾਰ ਕੀਤੀ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਵੀ ਹੋਈ ਸੀ। ਪੁਲੀਸ ਵਲੋਂ ਬਹਾਦਰ ਸਿੰਘ ਸਣੇ ਹੋਰ 28 ਵਿਅਕਤੀਆਂ ’ਤੇ ਇਰਾਦਾ ਕਤਲ ਦਾ ਕੇਸ ਵੀ ਦਰਜ ਕੀਤਾ ਗਿਆ ਸੀ।