ਹਥਿਆਰਾਂ ਦੇ ਜ਼ੋਰ ’ਤੇ ਲੁੱਟਾਂ ਖੋਹਾਂ ਕਰਨ ਦੇ ਦੋਸ਼ ਹੇਠ ਤਿੰਨ ਕਾਬੂ
ਨਿੱਜੀ ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 25 ਮਈ
ਥਾਣਾ ਦਾਖਾ ਦੀ ਪੁਲੀਸ ਨੇ ਰਾਹਗੀਰਾਂ ਦੇ ਜ਼ੋਰ ’ਤੇ ਹਥਿਆਰਾਂ ਦੀ ਲੁੱਟ-ਖੋਹ ਕਰਨ ਦੇ ਦੋਸ਼ ਹੇਠ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁੰਦਰ ਕੁਮਾਰ ਵਾਸੀ ਮਹਾਵੀਰ ਕਲੋਨੀ ਜਮਾਲਪੁਰ, ਸ਼ਿਵਮ ਕੁਮਾਰ ਵਾਸੀ ਰਾਮ ਨਗਰ ਤੇ ਕਰਨ ਵਾਸੀ ਗੁਰੂ ਰਵਿਦਾਸ ਨਗਰ ਜਮਾਲਪੁਰ ਵਜੋਂ ਹੋਈ ਹੈ। ਪੁਲੀਸ ਨੇ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੁਰਦੀਪ ਸਿੰਘ ਵਾਸੀ ਪਿੰਡ ਚੱਕ ਭਾਈਕਾ ਹਾਲ ਵਾਸੀ ਮਾਡਲ ਗਰਾਮ ਲੁਧਿਆਣਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੀ ਦੋਸਤ ਨਾਲ ਵੇਵ ਸਿਨੇਮਾ ’ਚ ਫ਼ਿਲਮ ਵੇਖ ਕੇ ਪਰਤ ਰਿਹਾ ਸੀ ਤਾਂ ਰਾਹ ਵਿੱਚ ਮੋਟਰਸਾਈਕਲ ਸਵਾਰ ਅਣਪਛਾਤਿਆਂ ਨੇ ਉਨ੍ਹਾਂ ਨੂੰ ਘੇਰ ਲਿਆ, ਜਿਨ੍ਹਾਂ ਕਿਰਪਾਨਾਂ ਤੇ ਹੋਰ ਹਥਿਆਰ ਚੁੱਕੇ ਹੋਏ ਸਨ। ਮੁਲਜ਼ਮਾਂ ਨੇ ਉਨ੍ਹਾਂ ਕੋਲੋਂ ਨਕਦੀ ਤੇ ਮੋਬਾਈਲ ਮੰਗੇ ਤੇ ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਨ੍ਹਾਂ ਹਮਲਾ ਕਰ ਦਿੱਤਾ। ਉਹ ਜ਼ਖ਼ਮੀ ਹੋ ਕੇ ਹੇਠਾਂ ਡਿੱਗ ਪਿਆ ਤਾਂ ਮੁਲਜ਼ਮ ਉਸ ਦੀ ਦੋਸਤ ਤੋਂ ਪਰਸ ਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਜਾਂਚ ਦੌਰਾਨ ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆਏ ਮੁਲਜ਼ਮਾਂ ਦੀ ਸ਼ਨਾਖ਼ਤ ਕਰਕੇ ਪੁਲੀਸ ਨੇ ਅੱਜ ਤਿੰਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।