‘ਹਥਿਆਰਬੰਦ ਬਲ ਧਰਮ ਦੇ ਆਧਾਰ ’ਤੇ ਵੰਡੇ ਜਾਣ ਦੀ ਬਜਾਏ ਵਰਦੀ ਰਾਹੀਂ ਇਕਜੁੱਟ ਹੁੰਦੇ ਨੇ’
ਨਵੀਂ ਦਿੱਲੀ, 1 ਜੂਨ
ਦਿੱਲੀ ਹਾਈ ਕੋਰਟ ਨੇ ਹਫ਼ਤਾਵਾਰੀ ਰੈਜੀਮੈਂਟਲ ਧਾਰਮਿਕ ਪਰੇਡ ’ਚ ਮੁਕੰਮਲ ਤੌਰ ’ਤੇ ਹਿੱਸਾ ਲੈਣ ਤੋਂ ਲਗਾਤਾਰ ਇਨਕਾਰ ਕਰਨ ’ਤੇ ਇਕ ਈਸਾਈ ਫੌਜੀ ਅਧਿਕਾਰੀ ਦੀਆਂ ਸੇਵਾਵਾਂ ਖ਼ਤਮ ਕੀਤੇ ਜਾਣ ਦੇ ਹੁਕਮ ਨੂੰ ਬਰਕਰਾਰ ਰੱਖਿਆ ਹੈ। ਹਾਈ ਕੋਰਟ ਨੇ ਕਿਹਾ ਕਿ ਹਥਿਆਰਬੰਦ ਬਲ ਧਰਮ ਦੇ ਆਧਾਰ ’ਤੇ ਵੰਡੇ ਜਾਣ ਦੀ ਬਜਾਏ ਆਪਣੀ ਵਰਦੀ ਦੇ ਆਧਾਰ ’ਤੇ ਇਕਜੁੱਟ ਹੁੰਦੇ ਹਨ। ਜਸਟਿਸ ਨਵੀਨ ਚਾਵਲਾ ਅਤੇ ਜਸਟਿਸ ਸ਼ਲਿੰਦਰ ਕੌਰ ਦੇ ਬੈਂਚ ਨੇ ਲੈਫ਼ਟੀਨੈਂਟ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਜਿਸ ’ਚ ਉਸ ਨੇ 3 ਮਾਰਚ, 2021 ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ ਜਿਸ ਤਹਿਤ ਉਸ ਨੂੰ ਪੈਨਸ਼ਨ ਅਤੇ ਗਰੈਚੁਟੀ ਤੋਂ ਬਿਨਾਂ ਭਾਰਤੀ ਫੌਜ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਅਰਜ਼ੀ ਦਾਖ਼ਲ ਕਰਨ ਵਾਲੇ ਲੈਫ਼ਟੀਨੈਂਟ ਨੇ ਇਕ ਸਕੁਐਡਰਨ ਦੇ ਟਰੁਪ ਲੀਡਰ ਵਜੋਂ ਕੰਮ ਕੀਤਾ ਸੀ। ਅਦਾਲਤ ਨੇ ਕਿਹਾ ਕਿ ਅਰਜ਼ੀਕਾਰ ਨੇ ਆਪਣੇ ਧਰਮ ਨੂੰ ਸੀਨੀਅਰ ਦੇ ਜਾਇਜ਼ ਹੁਕਮਾਂ ਤੋਂ ਉਪਰ ਰੱਖਿਆ ਜਦਕਿ ਅਨੁਸ਼ਾਸਨਹੀਣਤਾ ਕਰਨਾ ਆਰਮੀ ਐਕਟ ਤਹਿਤ ਅਪਰਾਧ ਹੈ। ਬੈਂਚ ਨੇ ਕਿਹਾ ਕਿ ਮੌਜੂਦਾ ਮਾਮਲੇ ’ਚ ਸਵਾਲ ਧਾਰਮਿਕ ਆਜ਼ਾਦੀ ਦਾ ਨਹੀਂ ਸਗੋਂ ਸੀਨੀਅਰ ਦੇ ਜਾਇਜ਼ ਹੁਕਮਾਂ ਦੀ ਪਾਲਣਾ ਦਾ ਸਵਾਲ ਹੈ। -ਪੀਟੀਆਈ