ਹੜਤਾਲ ਕਾਰਨ ਫ਼ਰਦ ਕੇਂਦਰ ਵਿੱਚ ਕੰਮ ਠੱਪ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਜੂਨ
ਫਰਦ ਕੇਂਦਰ ’ਚ ਕੰਮ ਕਰਦੇ ਅਪਰੇਟਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰਨ ਨਾਲ ਫਰਦ ਕੇਂਦਰਾਂ ਵਿੱਚ ਸਮੁੱਚਾ ਕੰਮਕਾਜ ਠੱਪ ਹੋ ਗਿਆ ਹੈ। ਹੜਤਾਲੀ ਅਪਰੇਟਰ ਕਰੀਬ ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਤੋਂ ਖਫ਼ਾ ਹਨ। ਫਰਦ ਕੇਂਦਰ ਵਿਚ ਹੜਤਾਲ ਕਾਰਨ ਕੰਮ ਕਰਾਉਣ ਪੁੱਜ ਰਹੇ ਲੋਕਾਂ ਨੂੰ ਅੱਜ ਬਗੈਰ ਕੰਮ ਹੋਇਆਂ ਵਾਪਸ ਪਰਤਣਾ ਪਿਆ। ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਫਰਦ ਕੇਂਦਰ ਦੇ ਮੁਲਾਜ਼ਮ ਅਜੀਤਪਾਲ ਸਿੰਘ, ਜਗਦੀਪ ਸਿੰਘ ਅਤੇ ਸੁਖਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਅਤੇ ਮਾਲੇਰਕੋਟਲਾ ਵਿੱਚ 15 ਫਰਦ ਕੇਂਦਰ ਹਨ ਜਿਨ੍ਹਾਂ ਵਿਚ ਕਰੀਬ 50 ਮੁਲਾਜ਼ਮ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਮੁਲਾਜ਼ਮਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਸੀਬ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਅਪਰੈਲ ਅਤੇ ਮਈ ਮਹੀਨੇ ਦੀ ਤਨਖਾਹ ਨਹੀਂ ਮਿਲੀ ਜਦੋਂ ਕਿ ਜੂਨ ਮਹੀਨਾ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਨਵੰਬਰ ਤੋਂ ਮਾਰਚ ਤੱਕ ਦੀ ਵੀ ਤਨਖਾਹ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਿਸ ਕੰਪਨੀ ਅਧੀਨ ਉਹ ਸੇਵਾਵਾਂ ਨਿਭਾਅ ਰਹੇ ਹਨ, ਉਸ ਕੰਪਨੀ ਵਲੋਂ ਤਨਖਾਹ ਜਾਰੀ ਕਰ ਦਿੱਤੀ ਗਈ ਸੀ ਪਰ ਪੰਜਾਬ ਸਰਕਾਰ ਵਲੋਂ ਹਾਲੇ ਤੱਕ ਕੰਪਨੀ ਦੇ ਬਕਾਇਆ ਭੁਗਤਾਨ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਮੂਹ ਮੁਲਾਜ਼ਮ ਸ਼ਨਿਚਰਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਕੰਮਕਾਜ ਦਾ ਸਰਕਾਰੀ ਟੀਚਾ ਪੂਰਾ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਮੁਲਾਜ਼ਮਾਂ ਦੀ ਤਨਖਾਹ ਜਾਰੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਹੜਤਾਲ ਜਾਰੀ ਰਹੇਗੀ।