ਹਕੂਮਤੀ ਜਬਰ ਵਿਰੁੱਧ ਸੂਬਾਈ ਕਨਵੈਨਸ਼ਨ 19 ਜਨਵਰੀ ਨੂੰ
ਖੇਤਰੀ ਪ੍ਰਤੀਨਿਧ
ਬਰਨਾਲਾ, 24 ਦਸੰਬਰ
ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵੱਲੋਂ 30 ਦਸੰਬਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿੱਚ ਹੋਣ ਜਾਣ ਵਾਲੀ ਜਬਰ ਵਿਰੋਧੀ ਸੂਬਾਈ ਕਨਵੈਨਸ਼ਨ ਕੁਝ ਸਮੱਸਿਆਵਾਂ ਕਾਰਨ ਹੁਣ 19 ਜਨਵਰੀ ਨੂੰ ਕੀਤੀ ਜਾਵੇਗੀ। ਫਰੰਟ ਦੇ ਸੂਬਾਈ ਆਗੂਆਂ ਡਾ. ਪਰਮਿੰਦਰ, ਪ੍ਰੋਫ਼ੈਸਰ ਏ.ਕੇ. ਮਲੇਰੀ ਅਤੇ ਬੂਟਾ ਸਿੰਘ ਮਹਿਮੂਦਪੁਰ ਨੇ ਦੱਸਿਆ ਕਿ ਕਨਵੈਨਸ਼ਨ ਬਸਤਰ ਅਤੇ ਹੋਰ ਆਦਿਵਾਸੀ ਇਲਾਕਿਆਂ ਅੰਦਰ ਨਕਸਲਵਾਦ ਨੂੰ ਖ਼ਤਮ ਕਰਨ ਦੇ ਨਾਂ ਹੇਠ ਚਲਾਏ ਜਾ ਰਹੇ ਰਾਜਕੀ ਦਹਿਸ਼ਤਵਾਦ ਪਿੱਛੇ ਕੰਮ ਕਰਦੇ ਕਾਰਪੋਰੇਟ-ਹਿੰਦੂਤਵ ਗੱਠਜੋੜ ਦੇ ਅਸਲ ਮਨੋਰਥ ਬਾਰੇ ਸਪਸ਼ਟ ਕਰਨ ਅਤੇ ਇਸ ਫਾਸ਼ੀਵਾਦੀ ਵਰਤਾਰੇ ਨੂੰ ਠੱਲ ਪਾਉਣ ਲਈ ਵਿਸ਼ਾਲ ਜਮਹੂਰੀ ਲਹਿਰ ਖੜ੍ਹੀ ਕਰਨ ਦੀ ਲੋੜ ਨੂੰ ਮੁਖ਼ਾਤਿਬ ਹੋਵੇਗੀ। ਕਨਵੈਨਸ਼ਨ ਦੇ ਮੁੱਖ ਬੁਲਾਰੇ ਆਦਿਵਾਸੀ ਲੋਕ ਹੱਕਾਂ ਦੀ ਉੱਘੀ ਕਾਰਕੁਨ ਬੇਲਾ ਭਾਟੀਆ ਅਤੇ ਗੁਰਸ਼ਰਨ ਭਾਅ ਜੀ ਦੀ ਬੇਟੀ ਤੇ ਨਾਮਵਰ ਜਮਹੂਰੀ ਕਾਰਕੁਨ ਡਾ. ਨਵਸ਼ਰਨ ਹੋਣਗੇ। ਉਨ੍ਹਾਂ ਬੁੱਧੀਜੀਵੀਆਂ, ਲੇਖਕਾਂ, ਕਲਾਕਾਰਾਂ, ਰੰਗਕਰਮੀਆਂ, ਵਕੀਲਾਂ, ਪੱਤਰਕਾਰਾਂ ਸਮੇਤ ਸਮੂਹ ਲੋਕਪੱਖੀ ਅਗਾਂਹਵਧੂ ਸੰਸਥਾਵਾਂ ਅਤੇ ਤਾਕਤਾਂ ਨੂੰ ਸ਼ਮੂਲੀਅਤ ਦਾ ਸੱਦਾ ਵੀ ਦਿੱਤਾ।