ਹਕੂਮਤਾਂ ਨੇ ਹਰ ਵੇਲੇ ਸਿੱਖਾਂ ਨੂੰ ਨਜ਼ਰਅੰਦਾਜ਼ ਕੀਤਾ: ਸਿਮਰਨਜੀਤ ਮਾਨ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ
ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੇ ਤਾਜ਼ਾ ਹਾਲਾਤ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਦੇਸ਼ ਨੂੰ ਅੰਗਰੇਜ਼ ਹਕੂਮਤ ਕੋਲੋਂ ਆਜ਼ਾਦ ਕਰਵਾਉਣ ਲਈ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪਰ ਸਮੇਂ ਦੀਆਂ ਹਕੂਮਤਾਂ ਵੱਲੋਂ ਹਮੇਸ਼ਾ ਸਿੱਖਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਇਹ ਸਿਲਸਿਲਾ ਅੱਜ ਤੱਕ ਚੱਲ ਰਿਹਾ ਹੈ। ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲ ਹਕੂਮਤ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਕੀ ਸਰਕਾਰਾਂ ਡੱਲੇਵਾਲ ਨੂੰ ਮਹੰਤ ਦਰਸ਼ਨ ਸਿੰਘ ਫੇਰੂਮਾਨ ਵਾਂਗ ਸ਼ਹੀਦ ਕਰਾਉਣਾ ਚਾਹੁੰਦੀਆਂ ਹਨ? ਉਨ੍ਹਾਂ ਕਿਹਾ ਕਿ ਸਿੱਖਾਂ ਕੋਲ ਨਾ ਸਟੇਟ ਹੈ ਨਾ ਸਰਕਾਰ ਫਿਰ ਵੀ ਹਰ ਹਕੂਮਤ ਇਨ੍ਹਾਂ ਨਾਲ ਧੱਕਾ ਕਰ ਰਹੀ ਹੈ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਨਵੀਆਂ ਪਾਰਟੀਆਂ ’ਤੇ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਇੱਕ ਅਕਾਲੀ ਦਲ ਬਹੁਤ ਥੱਲੇ ਡਿੱਗ ਗਿਆ ਹੈ। ਇਕ ਹੋਰ ਅਕਾਲੀ ਦਲ ਭਾਜਪਾ ਨਾਲ ਦੋਸਤੀ ਗੰਢਣੀ ਚਾਹੁੰਦਾ ਹੈ। ਜਿੰਨਾ ਚਿਰ ਸਾਰੇ ਇਕ ਟੀਚੇ ਅਨੁਸਾਰ ਨਹੀਂ ਚੱਲਦੇ ਉਦੋਂ ਤੱਕ ਪੰਜਾਬ ਦਾ ਭਲਾ ਨਹੀਂ ਹੋਣਾ। ਉਨ੍ਹਾਂ ਆਪਣੀ ਪਾਰਟੀ ਦੇ ਇਕ ਆਗੂ ’ਤੇ ਕਿੰਤੂ ਕਰਦਿਆਂ ਕਿਹਾ ਕਿ ਉਹ ਸਹੁੰ ਖਾ ਕੇ ਵੀ ਹੁਣ ਹੋਰਾਂ ਨਾਲ ਤੁਰਿਆ ਫਿਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਵਾਂਗ ਕਥਿਤ ਤੌਰ ’ਤੇ ਜ਼ਾਲਮ ਹੋ ਗਏ ਹਨ ਜਿਨ੍ਹਾਂ ਨੇ ਗੁਰਦਾਸਪੁਰ ਦੇ ਤਿੰਨ ਪੰਜਾਬੀ ਮੁੰਡਿਆਂ ’ਤੇ ਪੀਲੀਭੀਤ ਵਿਚ ਕਹਿਰ ਢਾਹਿਆ ਹੈ।