ਸੱਸ ਤੇ ਪਤੀ ਤੋਂ ਦੁਖੀ ਵਿਆਹੁਤਾ ਵੱਲੋਂ ਆਤਮਦਾਹ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 18 ਜੂਨ
ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਰੌੜ ਦੀ ਵਾਸੀ ਪਿੰਕੀ ਕੌਰ (29) ਜੋ ਨੇੜਲੇ ਪਿੰਡ ਢੋਲਣਵਾਲ ਵਿਖੇ ਵਿਆਹੀ ਹੋਈ ਸੀ, ਨੇ ਆਪਣੇ ਆਪ ਨੂੰ ਜ਼ਿੰਦਾ ਜਲਾ ਲਿਆ। ਮ੍ਰਿਤਕਾ ਦੇ ਭਰਾ ਫ਼ਤਹਿ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਡੇਢ ਸਾਲ ਪਹਿਲਾਂ ਪਿੰਡ ਢੋਲਣਵਾਲ ਦੇ ਅੰਗਰੇਜ਼ ਸਿੰਘ ਨਾਲ ਹੋਇਆ ਸੀ। ਉਨ੍ਹਾਂ ਪੂਰੇ ਰੀਤੀ ਰਿਵਾਜ਼ਾਂ ਨਾਲ ਵਿਆਹ ਕੀਤਾ ਤੇ ਸਮਰੱਥਾ ਤੋਂ ਵੱਧ ਦਾਜ ਦਿੱਤਾ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੀ ਭੈਣ ਦਾ ਪਤੀ ਅੰਗਰੇਜ਼ ਸਿੰਘ ਤੇ ਉਸ ਦੀ ਸੱਸ ਹੁਕਮ ਕੌਰ ਘੱਟ ਦਾਜ ਲਿਆਉਣ ਕਾਰਨ ਉਸ ਨੂੰ ਪ੍ਰੇਸ਼ਾਨ ਕਰਦੇ ਸਨ ਅਤੇ ਉਸ ਨਾਲ ਅਕਸਰ ਝਗੜਦੇ ਰਹਿੰਦੇ ਸਨ। ਲੰਘੀ 16 ਜੂਨ ਨੂੰ ਸਵੇਰੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਦੀ ਭੈਣ ਨੇ ਸਹੁਰੇ ਘਰ ਵਿਚ ਆਪਣੇ ਆਪ ਨੂੰ ਅੱਗ ਲਗਾ ਲਈ ਹੈ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਹੈ। ਉਸ ਨੂੰ ਸੀਐੱਮਸੀ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾਲ ਝੱਲਦੀ ਹੋਈ ਦਮ ਤੋੜ ਗਈ। ਫ਼ਤਹਿ ਸਿੰਘ ਅਨੁਸਾਰ ਉਨ੍ਹਾਂ ਨੂੰ ਸ਼ੰਕਾ ਹੈ ਕਿ ਉਸ ਦੀ ਭੈਣ ਨੂੰ ਅੱਗ ਲਗਾ ਕੇ ਸਾੜਿਆ ਗਿਆ ਹੈ ਜਿਸ ਦੀ ਪੁਲੀਸ ਜਾਂਚ ਕਰੇ। ਇਸ ਸਬੰਧੀ ਕੂੰਮਕਲਾਂ ਥਾਣਾ ਦੇ ਮੁਖੀ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਵਿਆਹੁਤਾ ਪਿੰਕੀ ਕੌਰ ਵਲੋਂ ਅੱਗ ਲਗਾ ਕੇ ਆਤਮ ਹੱਤਿਆ ਕੀਤੀ ਗਈ ਹੈ ਜਿਸ ਸਬੰਧੀ ਉਨ੍ਹਾਂ ਵਲੋਂ ਉਸ ਦੇ ਭਰਾ ਫ਼ਤਹਿ ਸਿੰਘ ਦੇ ਬਿਆਨ ਦਰਜ ਕਰਕੇ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਕਥਿਤ ਦੋਸ਼ ਹੇਠ ਸੱਸ ਤੇ ਪਤੀ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।