ਸੰਸਦ ਵਿੱਚ ‘ਮੋਦੀ ਚਾਲੀਸਾ’ ਸੁਣਨ ਨਹੀਂ ਜਾਵਾਂਗੇ: ਕਾਂਗਰਸ
ਕੇਂਦਰ ਸਰਕਾਰ ਨੂੰ ਸੰਸਦ ਦੇ ਵਿਸ਼ੇਸ਼ ਸੈਸ਼ਨ ’ਚ ਲੋਕ ਮਸਲਿਆਂ ਬਾਰੇ ਚਰਚਾ ਕਰਵਾਉਣ ਦੀ ਕੀਤੀ ਮੰਗ
ਨਵੀਂ ਦਿੱਲੀ, 5 ਸਤੰਬਰ
ਕਾਂਗਰਸ ਨੇ ਅੱਜ ਕਿਹਾ ਕਿ ਉਹ 18 ਤੋਂ 22 ਸਤੰਬਰ ਤੱਕ ਹੋਣ ਵਾਲੇ ਸੰਸਦ ਦੇ ਵਿਸ਼ੇਸ਼ ਇਜਲਾਸ ਵਿੱਚ ਉਸਾਰੂ ਢੰਗ ਨਾਲ ਹਿੱਸਾ ਲਵੇਗੀ ਪਰ ਉਹ ਇਹ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਉਹ ਇੱਥੇ ਸਿਰਫ਼ ‘ਮੋਦੀ ਚਾਲੀਸਾ’ ਸੁਣਨ ਲਈ ਨਹੀਂ ਬੈਠੇਗੀ ਅਤੇ ਉਹ ਚਾਹੁੰਦੀ ਹੈ ਕਿ ਇਨ੍ਹਾਂ ਪੰਜ ਦਿਨਾਂ ਦੌਰਾਨ ਲੋਕ ਮਸਲੇ ਉਠਾਏ ਜਾਣ। ਕਾਂਗਰਸ ਨੇ ਇਹ ਫ਼ੈਸਲਾ ਅੱਜ ਕਾਂਗਰਸ ਦੀ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਅਗਵਾਈ ਹੇਠ ਪਾਰਟੀ ਦੇ ਰਣਨੀਤਕ ਗਰੁੱਪ ਦੀ ਮੀਟਿੰਗ ਤੋਂ ਬਾਅਦ ਲਿਆ। ਮੀਟਿੰਗ ’ਚ ਕਾਂਗਰਸ ਦੇ ਸੰਸਦ ਦੇ ਦੋਵਾਂ ਸਦਨਾਂ ਵਿਚਲੇ ਆਗੂ ਹਾਜ਼ਰ ਸਨ। ਇਹ ਗੱਲਬਾਤ ਖੜਗੇ ਵੱਲੋਂ ਆਪਣੀ ਰਿਹਾਇਸ਼ ’ਤੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੀਆਂ ਭਾਈਵਾਲ ਪਾਰਟੀਆਂ ਦੇ ਆਗੂਆਂ ਲਈ ਸੱਦੀ ਗਈ ਰਾਤਰੀ ਭੋਜ ਮੀਟਿੰਗ ਤੋਂ ਪਹਿਲਾਂ ਹੋਈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਸਰਕਾਰ ਨੇ ਵਿਰੋਧੀ ਪਾਰਟੀਆਂ ਨੂੰ ਭਰੋਸੇ ਵਿੱਚ ਨਹੀਂ ਲਿਆ ਤੇ ਨਾ ਹੀ ਉਨ੍ਹਾਂ ਸੰਸਦ ਦੇ ਸੈਸ਼ਨ ਦੇ ਏਜੰਡੇ ਬਾਰੇ ਚਰਚਾ ਕੀਤੀ ਹੈ। ਉਨ੍ਹਾਂ ਦੋਵਾਂ ਸਦਨਾਂ ਦੀ ਕਾਰਵਾਈ ’ਚ ਹਿੱਸਾ ਲੈਣ ਦੀ ਪੇਸ਼ਕਸ਼ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜ ਰੋਜ਼ਾ ਸੈਸ਼ਨ ਦੌਰਾਨ ਸਿਰਫ਼ ਸਰਕਾਰੀ ਕੰਮਕਾਰ ਹੋਣਾ ਅਸੰਭਵ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਉਨ੍ਹਾਂ ਨੂੰ ਲੋਕ ਮੁੱਦੇ ਉਠਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ‘ਅਸੀਂ ਸਿਰਫ਼ ‘ਮੋਦੀ ਚਾਲੀਸਾ’ ਸੁਣਨ ਲਈ ਨਹੀਂ ਬੈਠਾਂਗੇ। ਅਸੀਂ ਯਕੀਨੀ ਤੌਰ ’ਤੇ ਸਰਕਾਰ ਤੋਂ ਮੰਗ ਕਰਾਂਗੇ ਅਤੇ ਹਰ ਸੈਸ਼ਨ ਵਿੱਚ ਆਪਣੇ ਮਸਲੇ ਉਠਾਉਣ ਦੀ ਕੋਸ਼ਿਸ਼ ਕਰਾਂਗੇ ਪਰ ਪਿਛਲੇ ਸੈਸ਼ਨਾਂ ’ਚ ਸਾਨੂੰ ਸਾਡੇ ਮੁੱਦੇ ਚੁੱਕਣ ਦਾ ਮੌਕਾ ਨਹੀਂ ਮਿਲਿਆ ਸੀ।’ ਉਨ੍ਹਾਂ ਕਿਹਾ, ‘ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਉਹ ਮੁੱਦੇ ਚੁੱਕਣ ਦੀ ਇਜਾਜ਼ਤ ਦੇਵੇਗੀ ਜੋ ਲੋਕਾਂ ਨਾਲ ਸਬੰਧਤ ਹਨ। ਸਾਡੀ ਮੰਗ ਇਹ ਰਹੇਗੀ ਕਿ ਇਨ੍ਹਾਂ ਮੁੱਦਿਆਂ ’ਤੇ ਚਰਚਾ ਹੋਣੀ ਚਾਹੀਦੀ ਹੈ ਅਤੇ ਅਸੀਂ ਇਸੇ ਭਾਵਨਾ ਨਾਲ ਵਿਸ਼ੇਸ਼ ਸੈਸ਼ਨ ਵਿੱਚ ਹਿੱਸਾ ਲੈਣ ਜਾ ਰਹੇ ਹਾਂ।’ ਉਨ੍ਹਾਂ ਕਿਹਾ ਕਿ ਜਦੋਂ ਵੀ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਂਦਾ ਹੈ ਤਾਂ ਸਾਰੀਆਂ ਪਾਰਟੀਆਂ ਨਾਲ ਇਸ ਦੇ ਏਜੰਡੇ ਬਾਰੇ ਚਰਚਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ, ‘ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ‘ਇੰਡੀਆ’ ਗੱਠਜੋੜ ਦੇ ਭਾਈਵਾਲਾਂ ਤੋਂ ਧਿਆਨ ਭਟਕਾਉਣ ਲਈ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਗੱਠਜੋੜ ਦੇ ਭਾਈਵਾਲਾਂ ਨੇ ਸੰਸਦ ਦਾ ਪੰਜ ਰੋਜ਼ਾ ਵਿਸ਼ੇਸ਼ ਸੈਸ਼ਨ ਸੱਦਣ ਦਾ ਫ਼ੈਸਲਾ ਕੀਤਾ ਹੈ।’ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸੰਸਦ ’ਚ ਆਰਥਿਕ ਤੇ ਸਿਆਸੀ ਮੁੱਦਿਆਂ ਦੇ ਨਾਲ ਨਾਲ ਵਿਦੇਸ਼ ਨੀਤੀ ਤੇ ਸਰਹੱਦੀ ਮੁੱਦਿਆਂ ’ਤੇ ਵੀ ਚਰਚਾ ਕੀਤੀ ਜਾਵੇ। -ਪੀਟੀਆਈ
ਇੰਡੀਆ ਦੇ ਆਗੂਆਂ ਵੱਲੋਂ ਖੜਗੇ ਦੀ ਰਿਹਾਇਸ਼ ’ਤੇ ਬੈਠਕ
ਨਵੀਂ ਦਿੱਲੀ: ਇੰਡੀਆ ਗੱਠਜੋੜ ਦੇ ਆਗੂਆਂ ਦੀ ਅੱਜ ਇਥੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਬੈਠਕ ਹੋਈ। ਆਗੂਆਂ ਨੇ ਕਿਹਾ ਕਿ ਸਰਕਾਰ ਵਿਸ਼ੇਸ਼ ਇਜਲਾਸ ਦੇ ਏਜੰਡੇ ਬਾਰੇ ਸਪਸ਼ਟ ਕਰੇ। ਉਨ੍ਹਾਂ ਕਿਹਾ ਕਿ ਉਹ ਦੇਸ਼ ਹਿੱਤ ਵਿੱਚ ਮੌਜੂਦਾ ਸਮੱਸਿਆਵਾਂ ਦੇ ਹੱਲ ਲਈ ਸਕਾਰਾਤਮਕ ਇਜਲਾਸ ਚਾਹੁੰਦੇ ਹਨ। ਬੈਠਕ ਵਿੱਚ ਐੱਨਸੀਪੀ ਆਗੂ ਸੁਪ੍ਰਿਆ ਸੂਲੇ, ਡੀਐੱਮਕੇ ਆਗੂ ਟੀ.ਆਰ.ਬਾਲੂ, ‘ਆਪ’ ਆਗੂ ਰਾਘਵ ਚੱਢਾ ਤੇ ਸੰਜੈ ਸਿੰਘ, ਕਾਂਗਰਸ ਦੇ ਕੇ.ਸੀ.ਵੇਣੂਗੋਪਾਲ ਤੇ ਰਵਨੀਤ ਬਿੱਟੂ, ਟੀਐੱਮਸੀ ਦੇ ਡੈਰੇਕ ਓ’ਬ੍ਰਾਇਨ, ਸਪਾ ਦੇ ਰਾਮਗੋਪਾਲ ਯਾਦਵ, ਆਰਜੇਡੀ ਆਗੂ ਮਨੋਜ ਝਾਅ ਹਾਜ਼ਰ ਸਨ। ਵਿਰੋਧੀ ਧਿਰਾਂ ਨੇ ਅਗਾਮੀ ਸੰਸਦੀ ਸੈਸ਼ਨ ਵਿਚ ਇਕੱਠੇ ਜਾਣ ਦਾ ਫੈਸਲਾ ਕੀਤਾ ਹੈ ਤੇ ਨਾਲ ਹੀ ਅਡਾਨੀ ਦਾ ਮੁੱਦਾ ਵੀ ਚੁੱਕਿਆ ਜਾਵੇਗਾ। ਉਨ੍ਹਾਂ ‘ਇੰਡੀਆ’ ਵਿਚ ਸ਼ਾਮਲ ਪਾਰਟੀਆਂ ਦੀ ਪਹਿਲੀ ਸਾਂਝੀ ਰੈਲੀ ਮੱਧ ਪ੍ਰਦੇਸ਼ ਵਿਚ ਕਰਨ ਦਾ ਫੈਸਲਾ ਵੀ ਲਿਆ ਹੈ, ਤੇ ਗੱਠਜੋੜ ਦੀ ਅਗਲੀ ਮੀਟਿੰਗ ਭੁਪਾਲ ਵਿਚ ਹੋਵੇਗੀ। -ਏਜੰਸੀ