For the best experience, open
https://m.punjabitribuneonline.com
on your mobile browser.
Advertisement

ਸੰਸਦ ਵਿੱਚ ਅੰਮ੍ਰਿਤਸਰ ਦੀ ‘ਸਿੱਖ ਰੈਫਰੈਂਸ ਲਾਇਬ੍ਰੇਰੀ’ ਦੀ ਗੂੰਜ

05:49 AM Dec 08, 2024 IST
ਸੰਸਦ ਵਿੱਚ ਅੰਮ੍ਰਿਤਸਰ ਦੀ ‘ਸਿੱਖ ਰੈਫਰੈਂਸ ਲਾਇਬ੍ਰੇਰੀ’ ਦੀ ਗੂੰਜ
ਸਤਨਾਮ ਸਿੰਘ
Advertisement
ਟ੍ਰਿਬਿਊਨ ਨਿਊਜ਼ ਸਰਵਿਸ
Advertisement

ਚੰਡੀਗੜ੍ਹ, 7 ਦਸੰਬਰ

Advertisement

ਸੰਸਦ ਦੇ ਸਰਦ ਰੁੱਤ ਸੈਸ਼ਨ ’ਚ ਅੰਮ੍ਰਿਤਸਰ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਦੁਰਲੱਭ ਖ਼ਜ਼ਾਨੇ ਦੀ ਗੂੰਜ ਪਈ ਹੈ। ਲੰਬੇ ਅਰਸੇ ਮਗਰੋਂ ਇਸ ਮੁੱਦੇ ’ਤੇ ਸਦਨ ’ਚ ਚਰਚਾ ਛਿੜੀ ਹੈ। ਚੇਤੇ ਰਹੇ ਕਿ ਸਾਲ 1984 ਵਿੱਚ ਸ੍ਰੀ ਹਰਮੰਦਿਰ ਸਾਹਿਬ ’ਤੇ ਹੋਏ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਵੀ ਨੁਕਸਾਨ ਪਹੁੰਚਿਆ ਸੀ। ਲਾਇਬ੍ਰੇਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਅਤੇ ਦੁਰਲੱਭ ਰਚਨਾਵਾਂ ਤੋਂ ਇਲਾਵਾ ਹੋਰ ਧਾਰਮਿਕ ਤੇ ਸਾਹਿਤ ਭੰਡਾਰ ਵੀ ਮੌਜੂਦ ਸੀ, ਜੋ ਨੁਕਸਾਨਿਆ ਗਿਆ।

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ’ਚ ਇਹ ਮੁੱਦਾ ਚੁੱਕਦਿਆਂ ਇਸ ਖ਼ਜ਼ਾਨੇ ਦੀ ਬੌਧਿਕ ਅਹਿਮੀਅਤ ਤੋਂ ਇਲਾਵਾ ਇਸ ਦੇ ਧਾਰਮਿਕ ਤੇ ਸਾਹਿਤਕ ਸੰਦਰਭ ਦੀ ਗੱਲ ਵੀ ਕੀਤੀ। ਰਾਜ ਸਭਾ ਮੈਂਬਰ ਸੰਧੂ ਨੇ ਸਦਨ ’ਚ ਕਿਹਾ ਕਿ 40 ਸਾਲ ਪਹਿਲਾਂ ਕਾਂਗਰਸ ਹਕੂਮਤ ਨੇ ਸ੍ਰੀ ਹਰਮਿੰਦਰ ਸਾਹਿਬ ’ਤੇ ਹਮਲਾ ਕੀਤਾ ਸੀ ਅਤੇ ਇਸ ਹਮਲੇ ’ਚ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਨੁਕਸਾਨ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਵਿੱਚ ਗੁਰੂਆਂ ਅਤੇ ਸੰਤਾਂ ਤੋਂ ਇਲਾਵਾ ਭਗਤਾਂ ਦੀਆਂ ਦੁਰਲੱਭ ਰਚਨਾਵਾਂ ਸਣੇ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਵੀ ਨੁਕਸਾਨੇ ਗਏ ਜਾਂ ਫਿਰ ਏਜੰਸੀਆਂ ਵੱਲੋਂ ਜ਼ਬਤ ਕਰ ਲਏ ਗਏ। ਸ੍ਰੀ ਸੰਧੂ ਨੇ ਇਸ ਮਾਮਲੇ ’ਤੇ ਸਪੱਸ਼ਟੀਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਇਹ ਵੀ ਮੰਗ ਉਠਾਈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ’ਚੋਂ ਗ਼ਾਇਬ ਸਾਰੀਆਂ ਅਹਿਮ ਹੱਥ ਲਿਖਤਾਂ ਉਸੇ ਰੂਪ ਵਿੱਚ ਮੁੜ ਤੋਂ ਸਥਾਪਿਤ ਕੀਤੀਆਂ ਜਾਣ।

ਸੰਸਦ ਮੈਂਬਰ ਸੰਧੂ ਨੇ ਇਸ ਮਾਮਲੇ ’ਤੇ ਚਰਚਾ ਕਰਦਿਆਂ ਨਾਲੰਦਾ ਯੂਨੀਵਰਸਿਟੀ ਬਾਰੇ 13ਵੀਂ ਸਦੀ ਵਿੱਚ ਫ਼ਾਰਸੀ ਇਤਿਹਾਸਕਾਰ ਮਿਨਹਾਸ ਅਲ-ਸਿਰਾਜ ਦੇ ਹਵਾਲੇ ਨਾਲ ਕਿਹਾ ਕਿ ਖਿਲਜੀ ਨੇ ਗਿਆਨ ਦੀ ਪੂਰੀ ਪ੍ਰਥਾ ਦੇ ਖ਼ਾਤਮੇ ਲਈ ਨਾਲੰਦਾ ਨੂੰ ਤਬਾਹ ਕਰ ਦਿੱਤਾ ਗਿਆ ਸੀ ਕਿਉਂਕਿ ਪੁਸਤਕਾਂ ਮਾਨਵਤਾ ਲਈ ਰਾਹ ਦਸੇਰਾ ਬਣਦੀਆਂ ਹਨ। ਉਨ੍ਹਾਂ ਮੀਡੀਆ ਤੇ ਐੱਸਜੀਪੀਸੀ ਦੀ ਇੱਕ ਰਿਪੋਰਟ ਦੇ ਵੇਰਵੇ ਪੇਸ਼ ਕਰਦਿਆਂ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ 12,613 ਦੁਰਲੱਭ ਪੁਸਤਕਾਂ ਅਤੇ 512 ਹੱਥ ਲਿਖਤ ਬੀੜ, 2500 ਦੇ ਕਰੀਬ ਹੱਥ ਲਿਖਤ ਸਿੱਖ ਧਾਰਮਿਕ ਗ੍ਰੰਥ ਤੇ 20-25 ਹੁਕਮਨਾਮੇ ਸਨ। 1984 ਤੋਂ ਲੈ ਕੇ ਹੁਣ ਤੱਕ ਐੱਸਜੀਪੀਸੀ ਸਣੇ ਸਿੱਖਾਂ ਦੀਆਂ ਪ੍ਰਮੁੱਖ ਧਾਰਮਿਕ ਸੰਸਥਾਵਾਂ ਇਹ ਮੁੱਦਾ ਉਠਾਉਂਦਿਆਂ ਰਹੀਆਂ ਹਨ, ਪਰ ਹਾਲੇ ਤੱਕ ਇਸ ਦਾ ਹੱਲ ਨਹੀਂ ਹੋ ਸਕਿਆ ਹੈ।

Advertisement
Author Image

Sukhjit Kaur

View all posts

Advertisement