ਸੰਸਦ ਮੈਂਬਰ ਸੁਮਨ ਨੂੰ ਕੁਝ ਹੋਇਆ ਤਾਂ ਯੋਗੀ ਜ਼ਿੰਮੇਵਾਰ ਹੋਣਗੇ: ਅਖਿਲੇਸ਼
ਲਖਨਊ, 7 ਅਪਰੈਲ
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਰਾਮਜੀ ਲਾਲ ਸੁਮਨ ਨੂੰ ਕੁਝ ਹੁੰਦਾ ਹੈ ਤਾਂ ਇਸ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਜ਼ਿੰਮੇਵਾਰ ਹੋਣਗੇ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ‘ਲੁਕਵੀਂ ਤਾਕਤ’ ਨੂੰ ਉਤਸ਼ਾਹਿਤ ਕਰ ਰਹੇ ਹਨ, ਜੋ ਲੋਕਾਂ ਦਾ ਅਪਮਾਨ ਕਰ ਰਹੀ ਹੈ ਅਤੇ ਵਿਰੋਧੀ ਧਿਰ ਦੀ ਆਵਾਜ਼ ਦਬਾ ਰਹੀ ਹੈ। ਆਗਰਾ ਵਿੱਚ ਕਰਨੀ ਸੈਨਾ ਦੇ ਮੈਂਬਰਾਂ ਵੱਲੋਂ ਸੁਮਨ ਦੀ ਰਿਹਾਇਸ਼ ’ਤੇ ਕੀਤੇ ਗਏ ਹਮਲੇ ਮਗਰੋਂ ਯਾਦਵ ਨੇ ਇਹ ਟਿੱਪਣੀ ਕੀਤੀ ਹੈ। ਇਹ ਸੰਗਠਨ ਸੁਮਨ ਵੱਲੋਂ ਸੰਸਦ ਵਿੱਚ ਦਿੱਤੇ ਗਏ ਇੱਕ ਹਾਲੀਆ ਬਿਆਨ ਦਾ ਵਿਰੋਧ ਕਰ ਰਿਹਾ ਸੀ, ਜਿਸ ਵਿੱਚ ਉਨ੍ਹਾਂ ਰਾਜਪੂਤ ਰਾਜਾ ਰਾਣਾ ਸਾਂਗਾ ਨੂੰ ‘ਗੱਦਾਰ’ ਕਿਹਾ ਸੀ। ਯਾਦਵ ਨੇ ਇੱਥੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘ਜੇ ਉਸ (ਸੁਮਨ) ਜਾਂ ਕਿਸੇ ਹੋਰ ਨਾਲ ਕੋਈ ਘਟਨਾ ਵਾਪਰਦੀ ਹੈ ਜਾਂ ਜੇ ਉਨ੍ਹਾਂ ਦਾ ਅਪਮਾਨ ਕੀਤਾ ਜਾਂਦਾ ਹੈ, ਤਾਂ ਇਸ ਲਈ ਸਿਰਫ਼ ਮੁੱਖ ਮੰਤਰੀ ਜ਼ਿੰਮੇਵਾਰ ਹੋਣਗੇ। ਉਹ ਇਨ੍ਹਾਂ ਗਰੁੱਪਾਂ ਨੂੰ ਉਸੇ ਤਰ੍ਹਾਂ ਉਤਸ਼ਾਹਿਤ ਕਰ ਰਹੇ ਹਨ ਜਿਵੇਂ ਹਿਟਲਰ ਆਪਣੇ ਸੈਨਿਕਾਂ ਨੂੰ ਕਰਦਾ ਸੀ।’ ਸਪਾ ਆਗੂ ਨੇ ਦੋਸ਼ ਲਾਇਆ ਕਿ ਸੂਬੇ ਵਿੱਚ ‘ਲੁਕਵੀਂ ਤਾਕਤ’ ਕੰਮ ਕਰ ਰਹੀ ਹੈ। -ਪੀਟੀਆਈ