ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਸਦ ਦੀ ਪੁਰਾਣੀ ਇਮਾਰਤ ਤੋਂ ਵਿਦਾਇਗੀ

08:40 AM Sep 19, 2023 IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਦੇ ਿਵਸ਼ੇਸ਼ ਇਜਲਾਸ ਦੌਰਾਨ ਲੋਕ ਸਭਾ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ:ਪੀਟੀਆਈ

* ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਦੀ ਦਲੇਰੀ ਨੂੰ ਯਾਦ ਕੀਤਾ

* ‘ਵੋਟ ਬਦਲੇ ਨੋਟ’ ਘੁਟਾਲੇ ਲਈ ਮਨਮੋਹਨ ਸਰਕਾਰ ਨੂੰ ਭੰਡਿਆ

ਨਵੀਂ ਦਿੱਲੀ, 18 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੀ ਪੁਰਾਣੀ ਇਮਾਰਤ ਨੂੰ ਵਿਦਾਇਗੀ ਦਿੰਦਿਆਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਤੇ ਉਨ੍ਹਾਂ ਮਗਰੋਂ ਇਸ ਅਹੁਦੇ ’ਤੇ ਬੈਠੇ ਆਗੂਆਂ- ਲਾਲ ਬਹਾਦਰ ਸ਼ਾਸਤਰੀ, ਇੰਦਰਾ ਗਾਂਧੀ, ਪੀ.ਵੀ.ਨਰਸਿਮ੍ਹਾ ਰਾਓ ਤੇ ਅਟਲ ਬਿਹਾਰੀ ਵਾਜਪਾਈ ਦੇ ਰੱਜ ਕੇ ਸੋਹਲੇ ਗਾਏ। ਸ੍ਰੀ ਮੋਦੀ ਨੇ ਲੋਕ ਸਭਾ ਨੂੰ ਮਨਮੋਹਨ ਸਿੰਘ ਸਰਕਾਰ ਵੇਲੇ ਹੋਏ ‘ਕੈਸ਼ ਫਾਰ ਵੋਟ’ (ਵੋਟ ਬਦਲੇ ਨੋਟ) ਘੁਟਾਲੇ ਬਾਰੇ ਵੀ ਚੇਤੇ ਕਰਵਾਇਆ। ਸ੍ਰੀ ਮੋਦੀ ਲੋਕ ਸਭਾ ਵਿੱਚ ‘‘ਸੰਵਿਧਾਨ ਸਭਾ ਤੋਂ ਸ਼ੁਰੂ ਹੋ ਕੇ ਸੰਸਦ ਦੇ 75 ਸਾਲਾਂ ਦੇ ਸਫ਼ਰ- ਪ੍ਰਾਪਤੀਆਂ, ਤਜਰਬੇ, ਯਾਦਾਂ ਤੇ ਸਬਕਾਂ’’ ਵਿਸ਼ੇ ਉੱਤੇ ਬਹਿਸ ਦੀ ਸ਼ੁਰੂਆਤ ਮੌਕੇ ਬੋਲ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਜਪਾਈ ਸਰਕਾਰ ਸਮੇਂ ਤਿੰਨ ਨਵੇਂ ਰਾਜਾਂ ਉੱਤਰਾਖੰਡ, ਝਾਰਖੰਡ ਤੇ ਛੱਤੀਸਗੜ੍ਹ ਦੇ ਗਠਨ ਨਾਲ ਹਰ ਪਾਸੇ ਜਸ਼ਨ ਦਾ ਮਾਹੌਲ ਸੀ, ਪਰ (ਮਨਮੋਹਨ ਸਿੰਘ ਸਰਕਾਰ ਵੇਲੇ) ਜਦੋਂ ਆਂਧਰਾ ਪ੍ਰਦੇਸ਼ ਵਿਚੋਂ ਤਿਲੰਗਾਨਾ ਦਾ ਜਨਮ ਹੋਇਆ ਤਾਂ ਦੋਵਾਂ ਰਾਜਾਂ ਵਿੱਚ ਸਿਰਫ਼ ਕੁੜੱਤਣ ਤੇ ਖੂਨ-ਖਰਾਬਾ ਵੇਖਣ ਨੂੰ ਮਿਲਿਆ। ਸ੍ਰੀ ਮੋਦੀ ਨੇ ਪੁਰਾਣੀ ਸੰਸਦੀ ਇਮਾਰਤ ਦੀ ‘ਹਰੇਕ ਇੱਟ’ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸੰਸਦ ਮੈਂਬਰ ਭਲਕੇ ਸੰਸਦ ਦੀ ਨਵੀਂ ਇਮਾਰਤ ਵਿੱਚ ‘ਨਵੀਂ ਆਸ ਤੇ ਭਰੋਸੇ’ ਨਾਲ ਦਾਖ਼ਲ ਹੋਣਗੇ। ਉਨ੍ਹਾਂ ਕਿਹਾ ਕਿ ਪੁਰਾਣੀ ਸੰਸਦੀ ਇਮਾਰਤ ਦੇ ਨਿਰਮਾਣ ਦਾ ਫੈਸਲਾ ਭਾਵੇਂ ਵਿਦੇਸ਼ੀ ਸ਼ਾਸਕਾਂ ਨੇ ਕੀਤਾ ਸੀ, ਪਰ ਇਮਾਰਤ ਭਾਰਤ ਦੇ ਲੋਕਾਂ ਦੀ ਸਖ਼ਤ ਮਿਹਨਤ, ਪਸੀਨੇ ਤੇ ਪੈਸੇ ਨਾਲ ਉਸਾਰੀ ਗਈ ਸੀ।
ਸ੍ਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ, ‘‘ਇਸ ਇਮਾਰਤ ਨੂੰ ਵਿਦਾਇਗੀ ਦੇਣਾ ਬਹੁਤ ਭਾਵੁਕ ਪਲ ਹਨ। ਹੁਣ ਜਦੋਂ ਅਸੀਂ ਇਸ ਇਮਾਰਤ ਨੂੰ ਛੱਡਣ ਲੱਗੇ ਹਾਂ ਤਾਂ ਸਾਡਾ ਦਿਲੋ ਦਿਮਾਗ ਬਹੁਤ ਸਾਰੀਆਂ ਭਾਵਨਾਵਾਂ ਤੇ ਯਾਦਾਂ ਨਾਲ ਭਰਿਆ ਹੋਇਆ ਹੈ।’’ ਪ੍ਰਧਾਨ ਮੰਤਰੀ ਨੇ ਆਪਣੀ 52 ਮਿੰਟਾਂ ਦੀ ਤਕਰੀਰ ਦੌਰਾਨ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਦੀ ਬਹਾਦਰੀ ਨੂੰ ਵੀ ਯਾਦ ਕੀਤਾ, ਜਿਨ੍ਹਾਂ ਸੁੱਤੇ ਪਏ ਬਰਤਾਨਵੀ ਸਾਮਰਾਜ ਨੂੰ ਨੀਂਦ ’ਚੋਂ ਜਗਾਉਣ ਲਈ ਇਸੇ ਸੰਸਦ ਵਿੱਚ ਬੰਬ ਸੁੱਟੇ ਸਨ। ਉਨ੍ਹਾਂ ਕਿਹਾ, ‘‘ਉਸ ਬੰਬ ਦੀ ਗੂੰਜ ਅੱਜ ਦੇਸ਼ ਦਾ ਭਲਾ ਚਾਹੁਣ ਵਾਲਿਆਂ ਦੀ ਨੀਂਦ ਉਡਾਉਂਦੀ ਹੈ।’’ ਸਿੰਘ ਤੇ ਦੱਤ ਨੇ ਦਿੱਲੀ ਕੇਂਦਰੀ ਵਿਧਾਨਕ ਅਸੈਂਬਲੀ (ਮੌਜੂਦਾ ਸੰਸਦ ਭਵਨ) ਵਿੱਚ ਬੰਬ ਸੁੱਟੇ ਸਨ।
ਸ੍ਰੀ ਮੋਦੀ ਨੇ ਕਿਹਾ ਕਿ ਪੰਡਿਤ ਨਹਿਰੂ ਨੇ ਇਸੇ ਸੰਸਦ ਵਿੱਚ ‘ਮੱਧ ਰਾਤਰੀ ਨੂੰ’ ਆਪਣੀ ‘ਟਰਾਇਸਟ ਵਿਦ ਡੈਸਟਿਨੀ’ (ਕਿਸਮਤ ਨਾਲ ਕੋਸ਼ਿਸ਼ ਕਰੋ) ਤਕਰੀਰ ਦਿੱੱਤੀ ਸੀ ਤੇ ਉਨ੍ਹਾਂ ਦੇ ਸ਼ਬਦ ਸਾਰਿਆਂ ਨੂੰ ਅੱਜ ਵੀ ਪ੍ਰੇਰਨਾ ਦਿੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ‘‘ਇਸੇ ਸਦਨ ਵਿੱਚ ਅਟਲਜੀ ਦੇ ਸ਼ਬਦ ‘ਸਰਕਾਰੇਂ ਆਏਂਗੀ, ਜਾਏਂਗੀ; ਪਾਰਟੀਆਂ ਬਨੇਗੀਂ, ਬਿਗੜੇਗੀਂ; ਲੇਕਿਨ ਯੇਹ ਦੇਸ਼ ਰਹਿਨਾ ਚਾਹੀਏ’’ ਅੱਜ ਵੀ ਸਾਡੇ ਜ਼ਿਹਨ ਵਿਚ ਗੂੰਜਦੇ ਹਨ।’’ ਸ੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ 75 ਸਾਲਾਂ ਦੀ ਸਭ ਤੋਂ ਵੱਡੀ ਉਪਲੱਬਧੀ ਹੈ ਕਿ ਆਮ ਲੋਕਾਂ ਦਾ ਸੰਸਦ ’ਤੇ ਭਰੋਸਾ ਵਧਿਆ ਹੈ। ਉਨ੍ਹਾਂ ਕਿਹਾ, ‘‘ਅਸੀਂ ਸੰਸਦ ਦੀ ਨਵੀਂ ਇਮਾਰਤ ਵਿੱਚ ਤਬਦੀਲ ਹੋ ਰਹੇ ਹਾਂ, ਪਰ ਇਹ ਪੁਰਾਣੀ ਇਮਾਰਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਸਾਰਿਆਂ ਪੰਡਿਡ ਨਹਿਰੂ ਤੋਂ ਵਾਜਪਾਈ ਤੱਕ, ਨੂੰ ਜੀ ਆਇਆਂ ਕਹਿਣ ਦਾ ਮੌਕਾ ਹੈ, ਜਿਨ੍ਹਾਂ ਇਸ ਸਦਨ ਦੀ ਅਗਵਾਈ ਕੀਤੀ ਤੇ ਭਾਰਤ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ। ਉਨ੍ਹਾਂ ਆਪਣੀ ਅਗਵਾਈ ਹੇਠ ਦੇਸ਼ ਨੂੰ ਨਵੀਂ ਦਿਸ਼ਾ ਦਿੱਤੀ ਤੇ ਅੱਜ ਮੌਕਾ ਹੈ ਕਿ ਉਨ੍ਹਾਂ ਦੀਆਂ ਉਪਲਬਧੀਆਂ ’ਤੇ ਚਾਨਣਾ ਪਾਇਆ ਜਾਵੇ। ਸ੍ਰੀ ਮੋਦੀ ਨੇ ਆਪਣੀ ਤਕਰੀਰ ਵਿੱਚ ਸਰਦਾਰ ਵੱਲਭਭਾਈ ਪਟੇਲ, ਚੰਦਰਸ਼ੇਖਰ ਤੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀ ਯਾਦ ਕੀਤਾ, ਜਿਨ੍ਹਾਂ ਇਸ ਸਦਨ ਨੂੰ ਅਮੀਰ ਬਣਾਇਆ।
ਪ੍ਰਧਾਨ ਮੰਤਰੀ ਨੇ ਸੰਸਦੀ ਇਮਾਰਤ ’ਤੇ ਹੋਏ ਦਹਿਸ਼ਤੀ ਹਮਲੇ ਨੂੰ ਵੀ ਯਾਦ ਕੀਤਾ ਤੇ ਸੰਸਦ ਮੈਂਬਰਾਂ ਦੀ ਜਾਨ ਬਚਾਉਣ ਖਾਤਰ ਆਪਣੀ ਛਾਤੀ ’ਤੇ ਗੋਲੀਆਂ ਖਾਣ ਵਾਲੇ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ, ‘‘ਇਹ ਇਕ ਇਮਾਰਤ ’ਤੇ ਨਹੀਂ ਬਲਕਿ ਜਮਹੂਰੀਅਤ ਦੀ ਜਨਨੀ ’ਤੇ ਹਮਲਾ ਸੀ। ਇਹ ਭਾਰਤ ਦੀ ਆਤਮਾ ’ਤੇ ਹਮਲਾ ਸੀ।’’ ਸ੍ਰੀ ਮੋਦੀ ਨੇ ਕਿਹਾ, ‘‘ਮੈਂ ਸਦਨ ਨੂੰ ਬਚਾਉਣ ਖਾਤਰ ਆਪਣੇ ਸੀਨੇ ’ਤੇ ਗੋਲੀਆਂ ਖਾਣ ਵਾਲਿਆਂ ਨੂੰ ਸਲਾਮ ਕਰਦਾ ਹਾਂ। ਉਹ ਅੱਜ ਸਾਡੇ ਨਾਲ ਨਹੀਂ ਹਨ, ਪਰ ਉਨ੍ਹਾਂ ਸਾਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ।’’ ਪ੍ਰਧਾਨ ਮੰਤਰੀ ਨੇ ਬੀ.ਆਰ.ਅੰਬੇਦਕਰ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੰਬੇਦਕਰ ਦੇ ਸਨਅਤੀਕਰਨ ਬਾਰੇ ਦ੍ਰਿਸ਼ਟੀਕੋਣ, ਜੋ ਆਜ਼ਾਦ ਭਾਰਤ ਦੀ ਪਹਿਲੀ ਸਰਕਾਰ ਮੌਕੇ ਦੇਸ਼ ਵਿੱਚ ਸਮਾਜਿਕ ਨਿਆਂ ਲਿਆਉਣ ਵੱਲ ਸੇਧਤ ਸੀ, ਅੱਜ ਵੀ ਹਰੇਕ ਸਨਅਤੀ ਨੀਤੀ ਦਾ ਕੇਂਦਰ ਬਿੰਦੂ ਸੀ ਤੇ ਰਹੇਗਾ। ਉਨ੍ਹਾਂ ਕਿਹਾ ਕਿ ਸੰਸਦ ਨੇ ਕੁਝ ਭਾਵੁਕ ਤੇ ਉਦਾਸ ਕਰਨ ਦੇਣ ਵਾਲੇ ਪਲ ਵੀ ਵੇਖੇ ਜਦੋਂ ਦੇਸ਼ ਨੇ ਤਿੰਨ ਪ੍ਰਧਾਨ ਮੰਤਰੀਆਂ- ਨਹਿਰੂ, ਸ਼ਾਸਤਰੀ ਤੇ ਇੰਦਰਾ ਗਾਂਧੀ ਨੂੰ ਗੁਆਇਆ। ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਦਨ ਨੇ ‘ਇੰਦਰਾ ਗਾਂਧੀ ਦੀ ਅਗਵਾਈ ਹੇਠ ਬੰਗਲਾਦੇਸ਼ ਦੀ ਆਜ਼ਾਦੀ ਦੀ ਵੀ ਹਮਾਇਤ ਕੀਤੀ।’’ ਇਹੀ ਸਦਨ ਐਮਰਜੈਂਸੀ ਦੌਰਾਨ ਜਮਹੂਰੀਅਤ ’ਤੇ ਹਮਲੇ ਦਾ ਗਵਾਹ ਵੀ ਬਣਿਆ ਤੇ ਇਸੇ ਸਦਨ ਰਸਤਿਓਂ ਲੋਕਾਂ ਨੇ ਆਪਣੀ ਤਾਕਤ ਦਾ ਇਸਤੇਮਾਲ ਕੀਤਾ ਤੇ ਅਸੀਂ ਜਮਹੂਰੀਅਤ ਦਾ ਵਾਪਸੀ ਨੂੰ ਵੇਖਿਆ। ਪ੍ਰਧਾਨ ਮੰਤਰੀ ਨੇ ਸਦਨ ਨੇ ਦੋ ਸਾਲਾਂ ਤੇ 11 ਮਹੀਨਿਆਂ ਲਈ ਸੰਵਿਧਾਨ ਸਭਾ ਦੀਆਂ ਬੈਠਕਾਂ ਵੇਖੀਆਂ ਅਤੇ ਸੰਵਿਧਾਨ ਨੂੰ ਅਪਣਾਉਣ ਤੇ ਅਮਲ ਵਿਚ ਲਿਆਉਣ ਦੀ ਗਵਾਹ ਬਣੀ। ਉਨ੍ਹਾ ਕਿਹਾ ਕਿ ਸਦਨ ਨੂੰ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਤੋਂ ਲੈ ਕੇ ਏ.ਪੀ.ਜੇ.ਅਬਦੁਲ ਕਲਾਮ, ਰਾਮ ਨਾਥ ਕੋਵਿੰਦ ਤੇ ਦਰੋਪਦੀ ਮੁਰਮੂ ਦੇ ਸੰਬੋਧਨਾਂ ਦਾ ਲਾਹਾ ਵੀ ਮਿਲਿਆ। ਉਨ੍ਹਾਂ ਕਿਹਾ, ‘‘ਹਰੇਕ ਨੇ ਆਪਣੇ ਤਰੀਕੇ ਨਾਲ ਯੋਗਦਾਨ ਪਾਇਆ ਤੇ ਸਾਰਿਆਂ ਨੂੰ ਨਾਲ ਲੈ ਕੇ ਤੁਰੇ।’’ ਪ੍ਰਧਾਨ ਮੰਤਰੀ ਨੇ ਜੀਵੀ ਮਾਵਲੰਕਰ ਤੋਂ ਲੈ ਕੇ ਸੁਮਿਤਰਾ ਮਹਾਜਨ ਅਤੇ ਮੌਜੂਦਾ ਓਮ ਬਿਰਲਾ ਤੱਕ ਦੇ ਸਪੀਕਰਾਂ ਵੱਲੋਂ ਸਦਨ ਦੇ ਨਿਪੁੰਨ ਪ੍ਰਬੰਧਨ ਨੂੰ ਵੀ ਯਾਦ ਕੀਤਾ। ਸ੍ਰੀ ਮੋਦੀ ਨੇ ਸੰਸਦ ਭਵਨ ਵਿੱਚ ਆਪਣੇ ਪਹਿਲੇ ਦਿਨ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ, ‘‘ਜਦੋਂ ਮੈਂ ਪਹਿਲੀ ਵਾਰ ਐੱਮਪੀ ਬਣਿਆ ਤੇ ਇਸ ਇਮਾਰਤ ਵਿੱਚ ਦਾਖ਼ਲ ਹੋਇਆ...ਮੈਂ ਆਪਮੁਹਾਰੇ ਆਪਣਾ ਸਿਰ ਇਸ ਅੱਗੇ ਝੁਕਾਇਆ। ਮੈਂ ਜਮਹੂਰੀਅਤ ਦੇ ਇਸ ਮੰਦਰ ਅੱਗੇ ਸ਼ਰਧਾਂਜਲੀ ਭੇਟ ਕਰਕੇ ਇਮਾਰਤ ਅੰਦਰ ਪੈਰ ਧਰਿਆ। ਮੇਰੇ ਲਈ ਇਹ ਬਹੁਤ ਭਾਵੁਕ ਪਲ ਸੀ।’’
ਪ੍ਰਧਾਨ ਮੰਤਰੀ ਨੇ ਆਪਣੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਕਦੇ ਵੀ ਸੋਚਿਆ ਨਹੀਂ ਸੀ ਕਿ ਇਕ ਗਰੀਬ ਪਰਿਵਾਰ ਦਾ ਬੱਚਾ, ਜੋ ਰੇਲਵੇ ਪਲੈਟਫਾਰਮ ’ਤੇ ਰਹਿੰਦਾ ਸੀ, ਕਦੇ ਸੰਸਦ ਵਿੱਚ ਪੁੱਜੇਗਾ। ਉਨ੍ਹਾਂ ਕਿਹਾ, ‘‘ਪਰ ਇਹ ਭਾਰਤੀ ਜਮਹੂਰੀਅਤ ਦੀ ਤਾਕਤ ਤੇ ਭਾਰਤ ਦੇ ਆਮ ਆਦਮੀ ਦੇ ਜਮਹੂਰੀਅਤ ਵਿਚ ਵਿਸ਼ਵਾਸ ਦੀ ਝਲਕ ਹੈ ਕਿ ਇਕ ਗਰੀਬ ਪਰਿਵਾਰ ਦਾ ਬੱਚਾ, ਜੋ ਰੇਲਵੇ ਪਲੈਟਫਾਰਮ ’ਤੇ ਰਹਿੰਦਾ ਸੀ, ਸੰਸਦ ਭਵਨ ਪੁੱਜਾ।’’ ਉਨ੍ਹਾਂ ਕਿਹਾ, ‘‘ਮੇਰਾ ਮੰਨਣਾ ਹੈ ਕਿ ਇਸ ਸਦਨ ਦੇ 7500 ਨੁਮਾਇੰਦਿਆਂ ਦੀ ਆਵਾਜ਼ ਨੇ ਇਸ ਨੂੰ ਤੀਰਥ ਅਸਥਾਨ ਬਣਾ ਦਿੱਤਾ ਹੈ। ਇਕ ਵਿਅਕਤੀ ਜਿਸ ਨੂੰ ਜਮਹੂਰੀਅਤ ਵਿੱਚ ਵਿਸ਼ਵਾਸ ਹੈ, ਅੱਜ ਤੋਂ 50 ਸਾਲ ਮਗਰੋਂ ਜਦੋਂ ਇਹ ਥਾਂ ਵੇਖਣ ਲਈ ਆਏਗਾ, ਤਾਂ ਉਸ ਨੂੰ ਭਾਰਤ ਦੀ ਆਤਮਾ ਦੀ ਆਵਾਜ਼ ਸੁਣੇਗੀ, ਜੋ ਕਦੇ ਇਥੇ ਗੂੰਜਦੀ ਸੀ।’’ -ਪੀਟੀਆਈ/ਏਐੱਨਆਈ

Advertisement

ਜੀ-20 ਦੀ ਸਫ਼ਲਤਾ ਦਾ ਸਿਹਰਾ 140 ਕਰੋੜ ਭਾਰਤੀਆਂ ਸਿਰ ਬੰਨ੍ਹਿਆ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਦਿਨੀਂ ਕੌਮੀ ਰਾਜਧਾਨੀ ਵਿੱਚ ਹੋਏ ਜੀ-20 ਸਿਖਰ ਸੰਮੇਲਨ ਦੀ ਸਫ਼ਲਤਾ ਦਾ ਸਿਹਰਾ ਕਿਸੇ ਇਕ ਵਿਅਕਤੀ ਜਾਂ ਪਾਰਟੀ ਦੇ ਸਿਰ ਨਹੀਂ ਬਲਕਿ 140 ਕਰੋੜ ਭਾਰਤੀਆਂ ਸਿਰ ਬੱਝਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸੰੰਘੀ ਢਾਂਚੇ ਤੇ ਭਾਰਤ ਦੀ ਵੰਨ-ਸੁਵੰਨਤਾ ਸਦਕਾ ਦੇਸ਼ ਵਿੱਚ 60 ਥਾਵਾਂ ’ਤੇ 200 ਤੋਂ ਵੱਧ ਬੈਠਕਾਂ ਦੀ ਮੇਜ਼ਬਾਨੀ ਸੰਭਵ ਹੋ ਸਕੀ। ਵੱਖੋ ਵੱਖਰੀਆਂ ਰਾਜ ਸਰਕਾਰਾਂ ਨੇ ਮਹਿਮਾਨਾਂ ਤੇ ਡੈਲੀਗੇਟਸ ਦਾ ਸਵਾਗਤ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਜੀ-20 ਮੁਲਕਾਂ ਦੀਆਂ ਸੰਸਦਾਂ ਦੇ ਸਪੀਕਰਾਂ ਦੀ ਸਿਖਰ ਵਾਰਤਾ ਜਲਦੀ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਇਸ ਸਫ਼ਲਤਾ ਦਾ ਜਸ਼ਨ ਮਨਾਉਣਾ ਚਾਹੀਦਾ ਹੈ ਤੇ ਭਾਰਤ ਨੂੰ ਇਸ ਗੱਲ ’ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਸ ਦੀ ਪ੍ਰਧਾਨਗੀ ਹੇਠ ਅਫਰੀਕੀ ਸੰਘ ਨੂੰ ਜੀ-20 ਵਿੱਚ ਸ਼ਾਮਲ ਕੀਤਾ ਗਿਆ ਹੈ। ਸ੍ਰੀ ਮੋਦੀ ਨੇੇ ਪੁਰਾਣੀ ਸੰਸਦੀ ਇਮਾਰਤ, ਜਿੱਥੇ ਖੜ੍ਹ ਕੇ ਉਹ ਬੋਲ ਰਹੇ ਸਨ, ਦੇ ਹਵਾਲੇ ਨਾਲ ਕਿਹਾ ਕਿ ਵਿਦੇਸ਼ੀ ਸ਼ਾਸਕਾਂ ਨੇ ਇਸ ਇਮਾਰਤ ਨੂੰ ਉਸਾਰਨ ਦਾ ਫੈਸਲਾ ਕੀਤਾ ਸੀ। ਇਹ ਇਮਾਰਤ ਭਾਰਤ ਦੇ ਲੋਕਾਂ ਦੀ ਸਖ਼ਤ ਮਿਹਨਤ, ਪਸੀਨੇ ਤੇ ਪੈਸੇ ਨਾਲ ਉਸਾਰੀ ਗਈ ਸੀ।

ਦੇਸ਼ ’ਤੇ ਥੋਪੀ ਜਾ ਰਹੀ ਹੈ ‘ਇਕ ਪਾਰਟੀ ਦੀ ਤਾਨਾਸ਼ਾਹੀ’: ਕਾਂਗਰਸ

ਕੇਂਦਰੀ ਏਜੰਸੀਆਂ ਦੀ ‘ਚੋਣਵੀਂ’ ਵਰਤੋਂ ਨੂੰ ਲੈ ਕੇ ਖ਼ਦਸ਼ੇ ਪ੍ਰਗਟਾਏ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਨ ਨੂੰ ਸੁਣਦੇ ਹੋਏ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਆਗੂ। -ਫੋਟੋ: ਪੀਟੀਆਈ

ਨਵੀਂ ਦਿੱਲੀ: ਲੋਕ ਸਭਾ ਵਿੱਚ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਅੱਜ ਲੋਕਾਂ ਦੇ ਮਨਾਂ ਵਿੱਚ ‘ਇਕ ਪਾਰਟੀ ਦੀ ਤਾਨਾਸ਼ਾਹੀ’, ਗ਼ੈਰ-ਭਾਜਪਾ ਸ਼ਾਸਿਤ ਰਾਜਾਂ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਤੇ ਕੇਂਦਰੀ ਏਜੰਸੀਆਂ ਦੀ ‘ਚੋਣਵੀਂ’ ਵਰਤੋਂ ਨੂੰ ਲੈ ਕੇ ਖ਼ਦਸ਼ੇ ਘਰ ਕਰ ਚੁੱਕੇ ਹਨ। ਕਾਂਗਰਸ ਨੇ ਵਿਸ਼ੇਸ਼ ਇਜਲਾਸ ਦੌਰਾਨ ਮਹਿਲਾ ਰਾਖਵਾਂਕਰਨ ਬਿੱਲ ਪੇਸ਼ ਕਰਨ ਤੇ ਇਸ ਨੂੰ ਸਰਬਸੰਮਤੀ ਨਾਲ ਪਾਸ ਕਰਨ ਦੀ ਮੰਗ ਕੀਤੀ। ਚੌਧਰੀ ਨੇ ਅੱਜ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ‘ਸੰਵਿਧਾਨ ਸਭਾ ਤੋਂ ਸ਼ੁਰੂ ਹੋਈ 75 ਸਾਲਾਂ ਦੇ ਸੰਸਦੀ ਸਫ਼ਰ....’ ਵਿਸ਼ੇ ’ਤੇ ਬਹਿਸ ਵਿਚ ਸ਼ਾਮਲ ਹੁੰਦਿਆਂ ਦਾਅਵਾ ਕੀਤਾ ਕਿ ਮੌਜੂਦਾ ਸਮੇਂ ਸੰਸਦ ਹੀ ਨਹੀਂ ਸਮਾਜ ਦੇ ਵੱਖ ਵੱਖ ਪਹਿਲੂਆਂ ਵਿੱਚ ਸ਼ਮੂਲੀਅਤ ਦੀ ਘਾਟ ਹੈ। ਉਨ੍ਹਾਂ ਸਾਰਿਆਂ ਲਈ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਵਿਆਪਕ ਆਜ਼ਾਦੀ ਦੀ ਮੰਗ ਕੀਤੀ। ਅਤੀਤ ਵਿੱਚ ਵਿਰੋਧੀ ਧਿਰਾਂ ਦੇ ਮੈਂਬਰਾਂ ਦੇ ਸੰਬੋਧਨ ਦੇ ਕਈ ਹਿੱਸਿਆਂ ਨੂੰ ਸਦਨ ਦੀ ਕਾਰਵਾਈ ਵਿਚੋਂ ਹਟਾਉਣ ਦਾ ਜ਼ਿਕਰ ਕਰਦਿਆਂ ਕਾਂਗਰਸ ਆਗੂ ਨੇ ਕਿਹਾ ਰਾਸ਼ਟਰ ਦੇ ਸੰਸਥਾਪਕਾਂ ਨੇ ਹਮੇਸ਼ਾ ਸਾਰੇ ਸੰਸਦ ਮੈਂਬਰਾਂ ਲਈ ਇਕੋ ਜਿਹੇ ਮੌਕਿਆਂ ਤੇ ਆਜ਼ਾਦੀ ਦਾ ਅਹਿਦ ਲਿਆ ਸੀ। ਉਨ੍ਹਾਂ ਕਿਹਾ, ‘‘ਲੋਕਾਂ ਦੇ ਮਨਾਂ ਵਿੱਚ ਇਕ ਪਾਰਟੀ ਦੀ ਤਾਨਾਸ਼ਾਹੀ ਥੋਪਣ ਦਾ ਡਰ ਹੈ। ਗੈਰ-ਭਾਜਪਾ ਸ਼ਾਸਿਤ ਰਾਜਾਂ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਤੇ ਕੇਂਦਰੀ ਏਜੰਸੀਆਂ ਦੇ ਚੋਣਵੇਂ ਇਸਤੇਮਾਲ ਨੂੰ ਲੈ ਕੇ ਵੀ ਭੈਅ ਦਾ ਮਾਹੌਲ ਹੈ।’’ ਚੌਧਰੀ ਨੇ ਬਹੁਲਵਾਦ ਨੂੰ ਭਾਰਤੀ ਸੱਭਿਅਤਾ ਦਾ ਸਾਰ ਕਰਾਰ ਦਿੰਦੇ ਹੋਏ ਕਿਹਾ ਕਿ ਭਾਰਤ ਅਸੀਮ ਬਹੁਲਵਾਦ ਦਾ ਮੁਲਕ ਹੈ ਤੇ ਸਾਰਿਆਂ ਦੀ ਰਾਇ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਦਾਬਹਾਰ ਅਦਾਕਾਰ ਰਾਜੇਸ਼ ਖੰਨਾ ਦੀ ਇਕ ਫ਼ਿਲਮ ਦੇ ਸੰਵਾਦ ਨੂੰ ਦੁਹਰਾਉਂਦਿਆਂ ਕਿਹਾ, ‘‘...ਜ਼ਿੰਦਗੀ ਲੰਮੀ ਨਹੀਂ ਵੱਡੀ ਹੋਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਜਦੋਂ ਸੰਸਦ ਵਿਚ ਸੰਵਿਧਾਨ ਤੇ ਜਮਹੂਰੀਅਤ ਬਾਰੇ ਚਰਚਾ ਹੋਵੇ ਤਾਂ ਭਾਰਤ ਦੇ ਸ਼ਿਲਪਕਾਰ ਕਹੇ ਜਾਂਦੇ ਪੰਡਿਤ ਜਵਾਹਰਲਾਲ ਨਹਿਰੂ ਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਜ਼ਿਕਰ ਕਰਨਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਇਹ ਸਾਬਕਾ ਆਗੂਆਂ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਨ ਦਾ ਸਹੀ ਮੌਕਾ ਹੈ। ਉਨ੍ਹਾਂ ਕਿਹਾ ਕਿ ਨਹਿਰੂ ਨੇ ਅਜਿਹੇ ਮੌਕੇ ਸੱਤਾ ਸੰਭਾਲੀ ਸੀ ਜਦੋਂ ਦੇਸ਼ ਵੰਡ ਕਰਕੇ ਹਜ਼ਾਰਾਂ ਲੋਕ ਮਾਰੇ ਗਏ ਸਨ ਤੇ ਚਾਰੇ ਪਾਸੇ ਅਫਰਾ-ਤਫ਼ਰੀ ਦਾ ਮਾਹੌਲ ਸੀ। ਉਨ੍ਹਾਂ ਕਿਹਾ ਕਿ ਨਹਿਰੂ ਨੇ ਆਪਣੀ ਯੋਗ ਅਗਵਾਈ ਨਾਲ ਦੇਸ਼ ਦੀ ਆਰਥਿਕ ਹਾਲਤ ਸੁਧਾਰੀ। ਚੰਦਰਯਾਨ-3 ਦੀ ਸਫਲਤਾ ਨੂੰ ਵਿਅਕਤੀਗਤ ਸਫ਼ਲਤਾ ਵਜੋਂ ਪ੍ਰਚਾਰਨ ਲਈ ਸੱਤਾਧਿਰ ’ਤੇ ਨਿਸ਼ਾਨਾ ਸੇਧਦਿਆਂ ਚੌਧਰੀ ਨੇ ਕਿਹਾ ਕਿ ਇਸਰੋ ਦੀ ਕਾਇਮੀ ਵਿੱਚ ਨਹਿਰੂ ਦੀ ਅਹਿਮ ਭੂਮਿਕਾ ਸੀ। ਉਨ੍ਹਾਂ ਇਸਰੋ ਜ਼ਰੀਏ ਅਸਿੱਧੇ ਰੂਪ ਵਿੱਚ ‘ਇੰਡੀਆ’ ਬਨਾਮ ‘ਭਾਰਤ’ ਦੇ ਮੁੱਦੇ ’ਤੇ ਸਰਕਾਰ ਨੂੰ ਨਿਸ਼ਾਨਾ ਬਣਾਉਣ ਦੀ ਕੋੋਸ਼ਿਸ਼ ਕੀਤੀ। ਉਨ੍ਹਾਂ ਇੰਦਰਾ ਗਾਂਧੀ ਦੇ ਕਾਰਜਕਾਲ ਵਿੱਚ 1974 ਵਿੱਚ ਪੋਖਰਨ ਵਿਚ ਕੀਤੇ ਗਏ ਪ੍ਰਮਾਣੂ ਤਜਰਬੇ ਤੋਂ ਲੈ ਕੇ ਰਾਜੀਵ ਗਾਂਧੀ ਦੀ ਅਗਵਾਈ ਵਿੱਚ ਡਿਜੀਟਲ ਇੰਡੀਆ ਜਿਹੇ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸੱਤਾਧਿਰ ਮਨਮੋਹਨ ਸਿੰਘ ਦੇ ਮੌਨ ਰਹਿਣ ਦੀ ਭਾਵੇਂ ਚਰਚਾ ਕਰਦੀ ਹੈ, ਪਰ ਵਿਦੇਸ਼ੀ ਪਾਬੰਦੀਆਂ ਤੋਂ ਮੁਕਤੀ ਉਨ੍ਹਾਂ ਨੇ ਹੀ ਦਿਵਾਈ ਸੀ। ਉਹ ਗੱਲਾਂ ਘੱਟ ਤੇ ਕੰਮ ਜ਼ਿਆਦਾ ਕਰਦੇ ਸਨ, ਨਾ ਕਿ ਮੌਨ ਰਹਿੰਦੇ ਸਨ। ਚੌਧਰੀ ਨੇ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਇਜਲਾਸ ਦੌਰਾਨ ਵਿਰੋਧੀ ਧਿਰਾਂ ਨੂੰ ਆਪਣੇ ਵਿਚਾਰ ਰੱਖਣ ਲਈ ਇਕ ਦਿਨ ਨਿਰਧਾਰਿਤ ਕੀਤਾ ਜਾਵੇ। ਇਸ ਦੌਰਾਨ ਐੱਨਸੀਪੀ ਆਗੂ ਸੁਪ੍ਰਿਆ ਸੂਲੇ ਨੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਲੈ ਕੇ ਭਾਜਪਾ ਵੱਲੋਂ ਕੀਤੀ ਜਾ ਰਹੀ ਨੁਕਤਾਚੀਨੀ ਲਈ ਕਾਂਗਰਸ ਦਾ ਬਚਾਅ ਕਰਦਿਆਂ ਕਿਹਾ ਕਿ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਕਾਂਗਰਸ ਤੋਂ ਸਨ ਤੇ ਇਹ ਬਿੱਲ ਵੀ ਕਾਂਗਰਸ ਵੱਲੋਂ ਹੀ ਲਿਆਂਦਾ ਗਿਆ ਸੀ। -ਪੀਟੀਆਈ

Advertisement

...ਜਦੋਂ ਰਾਸ਼ਟਰ ਗਾਣ ਸਮੇਂ ਤੋਂ ਪਹਿਲਾਂ ਵੱਜਿਆ

ਨਵੀਂ ਦਿੱਲੀ: ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਅੱਜ ਲੋਕ ਸਭਾ ਵਿੱਚ ਰਾਸ਼ਟਰ ਗਾਣ ਸਮੇਂ ਤੋਂ ਪਹਿਲਾਂ ਵੱਜਣ ਦਾ ਵਿਰੋਧੀ ਧਿਰਾਂ ਨੇ ਤਿੱਖਾ ਵਿਰੋਧ ਕੀਤਾ। ਸਪੀਕਰ ਓਮ ਬਿਰਲਾ ਨੇ ਵਿੱਚ ਪੈ ਕੇ ਮਸਲਾ ਸੁਲਝਾਇਆ। ਦੱਸਣਾ ਬਣਦਾ ਹੈ ਕਿ ਵਿਸ਼ੇਸ਼ ਇਜਲਾਸ ਲਈ ਅੱਜ ਹੇਠਲਾ ਸਦਨ ਜਿਉਂ ਹੀ ਜੁੜਿਆ ਤਾਂ ਸਪੀਕਰ ਓਮ ਬਿਰਲਾ ਆਪਣੇ ਆਸਣ ’ਤੇ ਬੈਠੇ ਵੀ ਨਹੀਂ ਸਨ ਕਿ ਸਦਨ ਦੇ ਆਡੀਓ ਸਿਸਟਮ ਵਿੱਚ ਰਾਸ਼ਟਰ ਗਾਣ ਵੱਜਣ ਲੱਗਾ। ਜਿਵੇਂ ਹੀ ਇਹ ਉਕਾਈ ਸੰਸਦੀ ਸਟਾਫ਼ ਦੇ ਧਿਆਨ ਵਿੱਚ ਆਈ ਤਾਂ ਉਨ੍ਹਾਂ ਰਾਸ਼ਟਰ ਗਾਣ ਵਿਚਾਲੇ ਹੀ ਰੋਕ ਦਿੱਤਾ। ਸਪੀਕਰ ਬਿਰਲਾ ਲੋਕ ਸਭਾ ਚੈਂਬਰ ਵਿਚ ਦਾਖ਼ਲ ਹੋਏ ਤਾਂ ਪੂਰਾ ਰਾਸ਼ਟਰ ਗਾਣ ਮੁੜ ਵੱਜਿਆ। ਚੇਤੇ ਰਹੇ ਸੰਸਦ ਦੇ ਨਵੇਂ ਇਜਲਾਸ ਦੀ ਸ਼ੁਰੂਆਤ ‘ਜਨ ਗਣ ਮਨ...’ ਨਾਲ ਹੁੰਦੀ ਹੈ ਜਦੋਂਕਿ ਇਜਲਾਸ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨਾਲ ਖ਼ਤਮ ਹੁੰਦਾ ਹੈ। ਕਾਂਗਰਸ ਆਗੂ ਗੌਰਵ ਗੋਗੋਈ ਤੇ ਬਸਪਾ ਦੇ ਦਾਨਿਸ਼ ਅਲੀ ਸਣੇ ਵਿਰੋਧੀ ਪਾਰਟੀਆਂ ਦੇ ਹੋਰਨਾਂ ਆਗੂਆਂ ਨੇ ਸਮੇਂ ਤੋਂ ਪਹਿਲਾਂ ਰਾਸ਼ਟਰ ਗਾਣ ਵਜਾਉਣ ’ਤੇ ਇਤਰਾਜ਼ ਜਤਾਇਆ। ਸਪੀਕਰ ਬਿਰਲਾ ਨੇ ਤਕਨੀਕੀ ਨੁਕਸ ਦੇ ਹਵਾਲੇ ਨਾਲ ਵਿਰੋਧੀ ਧਿਰਾਂ ਨੂੰ ਸ਼ਾਂਤ ਕੀਤਾ। ਬਿਰਲਾ ਨੇ ਮੈਂਬਰਾਂ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ। -ਪੀਟੀਆਈ

ਪੁਰਾਣੀ ਸੰਸਦੀ ਇਮਾਰਤ ਦਾ ਭਾਰਤ ਦੇ ਜਮਹੂਰੀ ਸਫ਼ਰ ’ਚ ਬੇਮਿਸਾਲ ਯੋਗਦਾਨ: ਓਮ ਬਿਰਲਾ

ਨਵੀਂ ਦਿੱਲੀ: ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸੰਸਦ ਦੇ ਪੰਜ ਰੋਜ਼ਾ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਅੱਜ ਕਿਹਾ ਕਿ ਸੰਸਦ ਦੀ ਪੁਰਾਣੀ ਇਮਾਰਤ ਦਾ ਭਾਰਤ ਦੀ ਜਮਹੂਰੀਅਤ ਦੇ ਸਫ਼ਰ ਵਿੱਚ ‘ਬੇਮਿਸਾਲ’ ਯੋਗਦਾਨ ਰਿਹਾ ਹੈ ਕਿਉਂਕਿ ਦੇਸ਼ ਦੀ ਭਲਾਈ ਲਈ ਸਾਰੇ ਫ਼ੈਸਲੇ ਮਿਲ ਕੇ ਲਏ ਗਏ। ਵਿਸ਼ੇਸ਼ ਇਜਲਾਸ ਦੀ ਕਾਰਵਾਈ ਜਿਉਂ ਹੀ ਸ਼ੁਰੂ ਹੋਈ ਤਾਂ ਬਿਰਲਾ ਨੇ ਕਿਹਾ ਕਿ ਇਹ ਸਦਨ ਸੰਵਾਦ ਸਭਿਆਚਾਰ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ, ‘‘ਸਾਡੀ ਸੰਸਦੀ ਇਮਾਰਤ ਭਾਰਤ ਦੀ ਆਜ਼ਾਦੀ ਦੇ ਇਤਿਹਾਸਕ ਪਲ ਤੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਦੇ ਪੂਰੇ ਅਮਲ ਦੀ ਗਵਾਹ ਬਣੀ। ਇਹ ਸਾਡੇ ਆਧੁਨਿਕ ਰਾਸ਼ਟਰ ਦੇ ਸ਼ਾਨਾਮੱਤੇ ਜਮਹੂਰੀ ਸਫ਼ਰ ਦੀ ਵੀ ਗਵਾਹ ਰਹੀ ਹੈ।’’ ਸਪੀਕਰ ਨੇ ਕਿਹਾ ਕਿ ਪਿਛਲੇ 75 ਸਾਲਾਂ ਵਿੱਚ ਵੱਖ ਵੱਖ ਪਾਰਟੀਆਂ ਵਿੱਚ ਸਹਿਮਤੀ ਤੇ ਅਸਹਿਮਤੀ ਦਰਮਿਆਨ ਦੇਸ਼ ਦੀ ਭਲਾਈ ਲਈ ਮਿਲ ਕੇ ਫੈਸਲੇ ਲਏ ਗਏ। ਸੰਸਦੀ ਸਲਾਹ-ਮਸ਼ਵਰੇ ਮਗਰੋਂ ਕਾਨੂੰਨ ਪਾਸ ਕੀਤੇ ਗਏ, ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਵਿੱਚ ਸਮਾਜਿਕ ਤੇ ਆਰਥਿਕ ਬਦਲਾਅ ਲਿਆਂਦੇ। ਉਨ੍ਹਾਂ ਕਿਹਾ ਕਿ ਸੰਕਟ ਤੇ ਤੰਗਹਾਲੀ ਵਿੱਚ ਵੀ ਇਸ ਸਦਨ ਨੇ ਇਕਜੁੱਟ ਹੋ ਕੇ ਤੇ ਵਚਨਬੱਧਤਾ ਨਾਲ ਇਨ੍ਹਾਂ ਦਾ ਟਾਕਰਾ ਕੀਤਾ। ਉਨ੍ਹਾਂ ਕਿਹਾ, ‘‘ਅੱਜ ਤੋਂ ਬਾਅਦ ਸੰਸਦੀ ਸਰਗਰਮੀਆਂ ਨਵੀਂ ਇਮਾਰਤ ਵਿੱਚ ਹੋਣਗੀਆਂ। ਅਸੀਂ ਨਵੀਆਂ ਇੱਛਾਵਾਂ ਤੇ ਖਾਹਿਸ਼ਾਂ ਨਾਲ ਨਵੀਂ ਇਮਾਰਤ ਵਿਚ ਦਾਖਲ ਹੋਵਾਂਗੇ। ਮੇਰਾ ਮੰਨਣਾ ਹੈ ਕਿ ਸਾਡਾ ਲੋਕਤੰਤਰ ਸਾਡੀ ਨਵੀਂ ਸੰਸਦੀ ਇਮਾਰਤ ਵਿੱਚ ਨਵੀਆਂ ਬੁਲੰਦੀਆਂ ਨੂੰ ਛੋਹੇਗਾ।’’ ਉਨ੍ਹਾਂ ਆਪਣੇ ਸੰਬੋਧਨ ਵਿੱਚ ਲੋਕ ਸਭਾ ਦੇ ਪਹਿਲੇ ਸਪੀਕਰ ਗਣੇਸ਼ ਵਾਸੂਦੇਵ ਮਾਵਲੰਕਰ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੱਕ 16 ਸਪੀਕਰ ਇਸ ਕੁਰਸੀ ’ਤੇ ਬੈਠ ਚੁੱਕੇ ਹਨ, ਜਿਨ੍ਹਾਂ ਆਪੋ ਆਪਣੀ ਸ਼ਾਨਦਾਰ ਵਿਰਾਸਤ ਨਾਲ ਯੋਗਦਾਨ ਪਾਇਆ ਹੈ। -ਪੀਟੀਆਈ

Advertisement