ਸੰਵਿਧਾਨ ਦੀ ਰਾਖੀ ਲਈ ਮਰਦੇ ਦਮ ਤੱਕ ਲੜਦੀ ਰਹਾਂਗੀ: ਮਮਤਾ
ਕੋਲਕਾਤਾ, 6 ਫਰਵਰੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਕਿ ਸੰਵਿਧਾਨ ਦੀ ਰਾਖੀ ਲਈ ਆਖ਼ਰੀ ਸਾਹ ਤੱਕ ਲੜਦੀ ਰਹਾਂਗੀ। ਉਹ ਸੇਂਟ ਜੇਵੀਅਰ’ਜ਼ ਯੂਨੀਵਰਸਿਟੀ ਵਿੱਚ ਚੌਥੀ ਕਾਨਵੋਕੇਸ਼ਨ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਡੀ.ਲਿਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੈਨਰਜੀ ਨੇ ਕਿਹਾ ਕਿ ਦੇਸ਼ ਦੀ ਏਕਤਾ ਨੂੰ ਬਣਾਈ ਰੱਖਣ ਲਈ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ,’ਭਾਰਤ ਦੀ ਨੀਂਹ ਰੱਖਣ ਵਾਲੇ ਸੰਵਿਧਾਨ ਦੀ ਰਾਖੀ ਲਈ ਮੈਂ ਆਪਣੇ ਆਖ਼ਰੀ ਸਾਹ ਤੱਕ ਲੜਦੀ ਰਹਾਂਗੀ। ਆਓ ਭੁੱਖਮਰੀ, ਗ਼ਰੀਬੀ, ਅਨਿਆਂ ਤੇ ਅਸਮਾਨਤਾ ਖ਼ਿਲਾਫ਼ ਆਵਾਜ਼ ਉਠਾਈਏ।’ ਸੇਂਟ ਜ਼ੇਵੀਅਰ’ਜ਼ ਵਾਈਸ ਚਾਂਸਲਰ ਫਾਦਰ ਫੈਲਿਕਸ ਰਾਜ ਨੇ ਕਿਹਾ ਕਿ ਸਮਾਜ ਸੇਵਾ ਅਤੇ ਸਿੱਖਿਆ ਦਾ ਪਾਸਾਰ ਕਰਨ ਲਈ ਬੈਨਰਜੀ ਨੂੰ ਸਨਮਾਨਿਤ ਕੀਤਾ ਗਿਆ ਹੈ। ਸਮਾਗਮ ਦੌਰਾਨ ਹਾਜ਼ਰ ਰਾਜਪਾਲ ਸੀਵੀ ਆਨੰਦ ਬੋਸ ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ ਡੀਲਿਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਬੈਨਰਜੀ ਨੇ ਕਿਹਾ ਕਿ ਉਹ ਆਪਣਾ ਇਹ ਸਨਮਾਨ ਦੇਸ਼ ਅਤੇ ਸੂਬੇ ਦੇ ਲੋਕਾਂ ਨੂੰ ਸਮਰਪਿਤ ਕਰ ਰਹੇ ਹਨ। -ਪੀਟੀਆਈ