ਸੰਯੁਕਤ ਦਲਿਤ ਮੋਰਚੇ ਵੱਲੋਂ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਦਾ ਅਹਿਦ
ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਅਪਰੈਲ
ਸੰਯੁਕਤ ਦਲਿਤ ਮੋਰਚਾ ਵਲੋਂ ਇਥੇ ਡਾ. ਬੀਆਰ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਤਿ ‘ਦਲਿਤ ਮਸਲਿਆਂ ਨੂੰ ਵਿਚਾਰਨ ਹਿੱਤ’ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਗਈ, ਜਿਸ ਸਮਾਜ ਲਈ ਹੱਕਾਂ ਦੀ ਪ੍ਰਾਪਤੀ ਤੇ ਭਲਾਈ ਲਈ ਸੰਘਰਸ਼ ਕਰਨ ਦਾ ਅਹਿਦ ਲਿਆ ਗਿਆ। ਇਸ ਮੌਕੇ ਸੂਬਾ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ ਸਿਰਫ ਦਲਿਤਾਂ ਅਤੇ ਗਰੀਬਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਉਣ ਦਾ ਵਿਰੋਧ ਅਤੇ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਕੇ ਵਾਧੂ ਜ਼ਮੀਨਾਂ ਬੇਜ਼ਮੀਨੇ ਲੋਕਾਂ ’ਚ ਵੰਡਣ ਦੀ ਮੰਗ ਸਣੇ ਹੋਰ ਮਤੇ ਪਾਸ ਕੀਤੇ ਗਏ। ਇਸ ਦੌਰਾਨ ਪਾਬੰਦੀਸ਼ੁਦਾ ਐਫ਼ਐੱਸਜੀ ਆਗੂ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।
ਗ਼ੈਰ ਸੰਗਠਿਤ ਮਜ਼ਦੂਰ ਤੇ ਮੁਲਾਜ਼ਮ ਕਾਂਗਰਸ ਕੇਕੇਸੀ ਵਿਭਾਗ ਪੰਜਾਬ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਨੇ ਦਲਿਤਾਂ ’ਤੇ ਅੱਤਿਆਚਾਰ ਰੋਕਣ ਤੇ ਜਾਤੀ ਅਧਾਰਤ ਗਿਣਤੀ ਕਰਵਾ ਕੇ ਅਨੁਸੂਚਿਤ ਜਾਤੀਆਂ ਲਈ ਹਰੇਕ ਸਰੋਤ ’ਚ ਬਰਾਬਰ ਵੰਡ ਕਰਨ ਦੀ ਮੰਗ ਕੀਤੀ।
ਇਸ ਮੌਕੇ ਸਾਬਕਾ ਵਿਧਾਇਕ ਬਲਦੇਵ ਸਿੰਘ ਕਲਿਆਣ, ਆਲ ਆਲ ਇੰਡੀਆ ਮਜ਼੍ਹਬੀ ਸਿੱਖ ਵੈਲਫੇਅਰ ਐਸੋਸੀਏਸਨ ਆਗੂ ਸੁਖਮੰਦਰ ਸਿੰਘ ਗੱਜਣਵਾਲਾ, ਮਜ਼੍ਹਬੀ ਸਿੱਖ ਅਤੇ ਵਾਲਮੀਕ ਰਾਖਵਾਂਕਰਨ ਬਚਾਓ ਮੋਰਚਾ ਦੇ ਆਗੂ ਡਾ. ਕਸ਼ਮੀਰ ਸਿੰਘ ਖੁੰਡਾ, ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਆਗੂ ਭਗਵੰਤ ਸਿੰਘ ਸਮਾਓਂ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਉਹ ਸਵਾਗਤ ਕਰਦੇ ਹਨ ਪਰ ਇਸ ਆੜ ’ਚ ਸਿਰਫ ਦਲਿਤਾਂ ਅਤੇ ਗਰੀਬਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਉਣਾ ਵਾਜਬ ਨਹੀਂ ਹੈ।