For the best experience, open
https://m.punjabitribuneonline.com
on your mobile browser.
Advertisement

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦਾ ਵਫ਼ਦ ਦੱਖਣ ਭਾਰਤ ਦੇ ਦੌਰੇ ’ਤੇ

07:49 AM Jun 27, 2024 IST
ਸੰਯੁਕਤ ਕਿਸਾਨ ਮੋਰਚਾ  ਗੈਰ ਸਿਆਸੀ  ਦਾ ਵਫ਼ਦ ਦੱਖਣ ਭਾਰਤ ਦੇ ਦੌਰੇ ’ਤੇ
ਬੰਗਲੁੂਰੂ ’ਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਆਗੂ ਦੱਖਣ ਭਾਰਤ ਦੇ ਕਿਸਾਨ ਆਗੂਆਂ ਨਾਲ।
Advertisement

ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ਖਨੌਰੀ, 26 ਜੂਨ
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦਾ ਇੱਕ ਉਚ ਪੱਧਰੀ ਵਫ਼ਦ ਦੱਖਣ ਭਾਰਤ ਦੇ ਦੌਰੇ ’ਤੇ ਹੈ, ਜੋ ਕਿ ਚੱਲ ਰਹੇ ਕਿਸਾਨ ਅੰਦੋਲਨ ਨੂੰ ਜਿੱਤ ਵੱਲ ਲਿਜਾਣ ਲਈ ਵੱਖ-ਵੱਖ ਰਾਜਾਂ ਦੇ ਕਿਸਾਨਾਂ ਨਾਲ ਰਾਬਤਾ ਕਰ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਵਫ਼ਦ ’ਚ ਸ਼ਾਮਲ ਜਗਜੀਤ ਸਿੰਘ ਡੱਲੇਵਾਲ, ਲਖਵਿੰਦਰ ਸਿੰਘ ਔਲਖ, ਅਭਿਮਨਿਊ ਕੋਹਾੜ, ਸੁਖਜੀਤ ਸਿੰਘ ਆਦਿ ਵੱਲੋਂ ਪ੍ਰੈੱਸ ਕਲੱਬ ਬੰਗਲੁੂਰੂ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿਚ ਕਰਨਾਟਕ ਤੋਂ ਕਿਸਾਨ ਆਗੂ ਕੁਰਬਰੂ ਸ਼ਾਂਤਾ ਕੁਮਾਰ, ਜ਼ਫ਼ਰ ਖਾਨ, ਤਾਮਿਲਨਾਡੂ ਤੋਂ ਪੀਆਰ ਪਾਂਡਿਅਨ, ਕੇਰਲਾ ਤੋਂ ਕੇਵੀ ਬੀਜੂ ਵੀ ਮੌਜੂਦ ਸਨ। ਬੰਗਲੁੂਰੂ ਤੋਂ ਜਾਰੀ ਬਿਆਨ ਰਾਹੀਂ ਭਾਰਤੀ ਕਿਸਾਨ ਏਕਤਾ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦਾ ਇੱਕ ਵਫ਼ਦ ਦੌਰੇ ਦੌਰਾਨ ਉਤਰੀ ਭਾਰਤ ਤੋਂ ਦੱਖਣ ਭਾਰਤ ਪੁੱਜਿਆ ਹੈ। ਉਹ ਦੌਰੇ ਦੌਰਾਨ ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਹੁਣ ਕਰਨਾਟਕ ਵਿੱਚ ਹਨ। ਉਨ੍ਹਾਂ ਕਿਹਾ ਕਿ ਦੱਖਣ ਭਾਰਤ ਵਿਚ ਕਿਸਾਨਾਂ ਦੇ ਰੂਬਰੂ ਹੋ ਰਹੇ ਹਾਂ ਅਤੇ ਮੁੱਖ ਉਦੇਸ਼ ਚਾਰ ਥਾਵਾਂ ’ਤੇ ਚੱਲ ਰਹੇ ਕਿਸਾਨ ਅੰਦੋਲਨਾਂ ਨੂੰ ਜਿੱਤ ਵੱਲ ਲਿਜਾਣਾ ਹੈ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਫਸਲਾਂ ਅਤੇ ਨਸਲਾਂ ਬਚਾਉਣ ਦੀ ਲੜਾਈ ਹੈ ਅਤੇ ਦੇਸ਼ਵਿਆਪੀ ਅੰਦੋਲਨ ਨੂੰ ਮਜ਼ਬੂਤ ਕਰ ਕੇ ਜਿੱਤ ਵੱਲ ਲੈ ਕੇ ਜਾਣਾ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਐੱਮਐੱਸਪੀ ਦੇ ਗਾਰੰਟੀ ਕਾਨੂੰਨ ਅਤੇ ਹੋਰ ਮੰਗਾਂ ਲਈ 13 ਫਰਵਰੀ ਤੋਂ ਕਿਸਾਨ ਅੰਦੋਲਨ ਚਾਰ ਥਾਵਾਂ ’ਤੇ ਚੱਲ ਰਿਹਾ ਹੈ ਅਤੇ 135 ਦਿਨਾਂ ਤੋਂ ਵੱਧ ਸਮੇਂ ਤੋਂ ਇਨ੍ਹਾਂ ਅੰਦੋਲਨਾਂ ’ਚ ਹਜ਼ਾਰਾਂ ਕਿਸਾਨ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਵਰਗ ਦੇ ਗੁੱਸੇ ਕਾਰਨ ਪੇਂਡੂ ਖੇਤਰ ਵਿਚ 2019 ਦੀਆਂ ਚੋਣਾਂ ਦੇ ਮੁਕਾਬਲੇ ਭਾਜਪਾ ਸਰਕਾਰ ਇਸ ਵਾਰ ਚੋਣਾਂ ਵਿਚ 71 ਲੋਕ ਸਭਾ ਸੀਟਾਂ ਗੁਆ ਚੁੱਕੀ ਹੈ। ਕਿਸਾਨ ਆਗੂ ਕੁਰਬਰੂ ਸ਼ਾਂਤਾ ਕੁਮਾਰ ਨੇ ਦੱਸਿਆ ਕਿ 8 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਛੱਡ ਕੇ ਬਾਕੀ ਸਾਰੇ ਸੰਸਦ ਮੈਂਬਰਾਂ ਨੂੰ 12 ਮੰਗਾਂ ਸਬੰਧੀ ਮੈਮੋਰੰਡਮ ਦਿੱਤਾ ਜਾਵੇਗਾ, ਜਿਨ੍ਹਾਂ ਤੋਂ ਮੰਗ ਕੀਤੀ ਜਾਵੇਗੀ ਕਿ ਉਹ ਦੇਸ਼ ਦੀ ਸੰਸਦ ਵਿਚ ਆਵਾਜ਼ ਉਠਾਉਣ। ਇਸ ਤੋਂ ਇਲਾਵਾ ਜੁਲਾਈ ਮਹੀਨੇ ਵਿਚ ਦਿੱਲੀ ਵਿਚ ਇੱਕ ਕਿਸਾਨ ਅੰਦੋਲਨ ਕੀਤਾ ਜਾਵੇਗਾ। ਦੱਖਣ ਭਾਰਤ ਦੇ ਕਿਸਾਨਾਂ ਵਲੋਂ 24 ਜੂਨ ਨੂੰ ਸ਼ਿਵਮੋਗਾ ਵਿਚ ਇੱਕ ਵਿਸ਼ਾਲ ਕਿਸਾਨ ਅੰਦੋਲਨ ਕੀਤਾ ਜਾ ਚੁੱਕਿਆ ਹੈ। ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਸਤੰਬਰ ਮਹੀਨੇ ਵਿਚ ਹਰਿਆਣਾ ਵਿੱਚ ਇੱਕ ਕਿਸਾਨ ਰੈਲੀ ਕੀਤੀ ਜਾਵੇਗੀ, ਜਿਸ ਵਿਚ ਸਾਰੇ ਸੂਬਿਆਂ ਦੇ ਇੱਕ ਲੱਖ ਤੋਂ ਵੱਧ ਕਿਸਾਨ ਭਾਗ ਲੈਣਗੇ।

Advertisement

Advertisement
Author Image

joginder kumar

View all posts

Advertisement
Advertisement
×