ਸੰਪਰਕ ਮੁਹਿੰਮ: ਸਕੂਲੀ ਬੱਚਿਆਂ ਨੂੰ ਕਾਨੂੰਨਾਂ ਬਾਰੇ ਦੱਸਿਆ
ਪੱਤਰ ਪ੍ਰੇਰਕ
ਜੈਤੋ, 2 ਦਸੰਬਰ
ਜੈਤੋ ਪੁਲੀਸ ਵੱਲੋਂ ‘ਸੰਪਰਕ’ ਮੁਹਿੰਮ ਤਹਿਤ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਬੱਚਿਆਂ ਅਤੇ ਸਟਾਫ਼ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡੀਐਸਪੀ ਜੈਤੋ ਸੁਖਦੀਪ ਸਿੰਘ ਅਤੇ ਐਸਐਚਓ ਜੈਤੋ ਰਾਜੇਸ਼ ਕੁਮਾਰ ਵੱਲੋਂ ਬੱਚਿਆਂ ਨੂੰ ਕਾਨੂੰਨੀ ਜਾਣਕਾਰੀ ਦੇਣ ਤੋਂ ਇਲਾਵਾ ਸਿੱਖਿਆ ਅਤੇ ਸੁਰੱਖਿਆ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਬੱਚਿਆਂ ਵੱਲੋਂ ਉਠਾਏ ਗਏ ਸਵਾਲਾਂ ਨੇ ਚਰਚਾ ਨੂੰ ਹੋਰ ਰੌਚਿਕ ਅਤੇ ਮਹੱਤਵਪੂਰਨ ਬਣਾਇਆ। ਅਧਿਕਾਰੀਆਂ ਨੇ ਬੱਚਿਆਂ ਨੂੰ ਯਕੀਨ ਦੁਆਇਆ ਕਿ ਪੁਲੀਸ ਉਨ੍ਹਾਂ ਸਮੇਤ ਹਰ ਨਾਗਰਿਕ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਦਿਨ-ਰਾਤ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੈ। ਅਖੀਰ ਵਿੱਚ ਡੀਐੱਸਪੀ ਸੁਖਦੀਪ ਸਿੰਘ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਮਾਜਿਕ ਜਾਗਰੂਕਤਾ ਹੀ ਬਿਹਤਰ ਭਵਿੱਖ ਦੀ ਕੁੰਜੀ ਹੈ।
ਵਿਦਿਆਰਥੀਆਂ ਨੂੰ ਪੁਲੀਸ ਦੇ ਕੰਮ-ਕਾਰ ਬਾਰੇ ਦਿੱਤੀ ਜਾਣਕਾਰੀ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਪੁਲੀਸ ਵੱਲੋਂ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੀ ਯੋਜਨਾ ਤਹਿਤ ਜ਼ਿਲ੍ਹਾ ਪੁਲੀਸ ਦਫ਼ਤਰ ਵਿੱਚ ਵਿਦਿਆਰਥੀਆਂ ਨੂੰ ਪੁਲੀਸ ਦੇ ਕੰਮ ਕਾਰ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐੱਸਪੀ ਮਨਵਿੰਦਰਬੀਰ ਸਿੰਘ ਅਤੇ ਡੀਐੱਸਪੀ (ਐਚ) ਅਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਸਮਾਜ ਸੇਵੀ ਕੰਮਾਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨਾਲ ਸਿੱਧਾ ਰਾਬਤਾ ਕਰਦਿਆਂ ਪੁਲੀਸ ਦੇ ਕੰਮ-ਕਾਜ ਬਾਰੇ ਦੱਸਿਆ। ਇਸ ਮੌਕੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਾਂਝ ਕੇਂਦਰ ਵਿੱਚ ਸਾਂਝ ਪੁਲੀਸ ਸੇਵਾਵਾਂ ਬਾਰੇ, ਸਾਇਬਰ ਪੁਲੀਸ ਸਟੇਸ਼ਨ, ਸਾਇਬਰ ਫਰਾਡ ਬਾਰੇ ਸੁਚੇਤ ਕੀਤਾ। ਉਨ੍ਹਾਂ ਕਿਹਾ ਕਿ ਧੋਖਾਧੜੀ ਸਬੰਧੀ 1930 ਨੰਬਰ ’ਤੇ ਸ਼ਿਕਾਇਤ ਦਰਜ ਕਰਵਾ ਜਾ ਸਕਦੀ ਹੈ। ਇਸ ਮੌਕੇ ਸਾਂਝ ਕੇਂਦਰ ਦੇ ਸੀ. ਸਿਪਾਹੀ ਸੁਖਪਾਲ ਸਿੰਘ, ਸੰਦੀਪ ਸਿੰਘ ਅਤੇ ਸਕੂਲ ਟੀਚਰ ਸੁਖਜੀਤ ਸਿੰਘ, ਜਗਮੀਤ ਸਿੰਘ ਅਤੇ ਨਰਪਿੰਦਰਜੀਤ ਕੌਰ ਸਣੇ ਹੋਰ ਅਧਿਕਾਰੀ ਹਾਜ਼ਰ ਸਨ।