ਸੰਨੀ ਐਨਕਲੇਵ ਦੇ ਵਸਨੀਕ ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ
ਹਰਜੀਤ ਸਿੰਘ
ਜ਼ੀਰਕਪੁਰ, 6 ਫਰਵਰੀ
ਇਥੋਂ ਦੇ ਪਾਰਸ ਡਾਊਨ ਟਾਊਨ ਸਕੇਅਰ ਮਾਲ ਦੇ ਪਿੱਛਲੇ ਪਾਸੇ ਸਥਿਤ ਸੰਨੀ ਐਨਕਲੇਵ ਦੇ ਵਸਨੀਕ ਕਰੀਬ ਦੋ ਦਹਾਕੇ ਤੋਂ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ। ਕਲੋਨੀ ਵਾਸੀਆਂ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਸਿਆਸੀ ਆਗੂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਉਨ੍ਹਾਂ ਨੂੰ ਕਲੋਨੀ ਵਿੱਚ ਨਵਾਂ ਟਿਊਬਵੈਲ ਲਾਉਣ ਦਾ ਸਬਜ਼ਬਾਗ ਦਿਖਾ ਰਹੇ ਹਨ। ਪਰ ਹਾਲੇ ਤੱਕ ਸਮੱਸਿਆ ਜਿਉਂ ਦੀ ਤਿਉਂ ਹੈ।
ਕਲੋਨੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐਚ.ਸੀ. ਢੱਲ ਸਣੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਵਿੱਚ ਪਾਣੀ ਦੀ ਸਪਲਾਈ ਦੂਜੇ ਪ੍ਰੀਤ ਕਲੋਨੀ ਦੇ ਟਿਊਬਵੈਲ ਤੋਂ ਆਉਂਦੀ ਹੈ ਤੇ ਕਾਫੀ ਛੋਟੀ ਪਾਈਪਾਂ ਵਿਛਾਈ ਹੋੋਣ ਕਾਰਨ ਸਪਲਾਈ ਨਾ ਮਾਰਤ ਹੀ ਆਉਂਦੀ ਹੈ। ਜਦਕਿ ਕਲੋਨੀ ਵਿੱਚ ਲੰਘੇ ਸਮੇਂ ਤੋਂ ਕਾਫੀ ਵਸੋਂ ਵਧੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਕਿੱਲਤ ਕਾਰਨ ਅਕਸਰ ਨਿੱਜੀ ਪੈਸੇ ਖ਼ਰਚ ਕੇ ਟੈਂਕਰ ਮੰਗਵਾਉਣੇ ਪੈਂਦੇ ਹਨ। ਇਸ ਸਮੱਸਿਆ ਸਬੰਧੀ ਉਹ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ, ਏ.ਡੀ.ਸੀ. ਅਰਬਨ, ਸਥਾਨਕ ਸਰਕਾਰਾਂ ਵਿਭਾਗ ਸਣੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਮਿਲ ਕੇ ਆਪਣੀ ਸਮੱਸਿਆ ਤੋਂ ਜਾਣੂ ਕਰਵਾ ਚੁੱਕੇ ਹਨ ਪਰ ਉਨ੍ਹਾਂ ਦਾ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ ਹੈ।
ਕਲੋਨੀ ਵਾਸੀਆਂ ਨੇ ਦੱਸਿਆ ਕਿ ਇਸ ਕਲੋਨੀ ਨੂੰ ਵਸੇ ਕਰੀਬ 20 ਸਾਲ ਹੋ ਗਏ ਹਨ ਜਿਸ ਦੌਰਾਨ ਜ਼ੀਰਕਪੁਰ ਵਿੱਚ ਕਈਂ ਕਾਰਜ ਸਾਧਕ ਅਫਸਰ ਅਤੇ ਹਲਕੇ ਵਿੱਚ ਕਈਂ ਵਿਧਾਇਕ ਅਤੇ ਹਲਕਾ ਇੰਚਾਰਜ ਬਦਲ ਚੁੱਕੇ ਹਨ ਪਰ ਕਿਸੇ ਨੇ ਵੀ ਹੁਣ ਤੱਕ ਉਨ੍ਹਾਂ ਦੀ ਸਾਰ ਨਹੀਂ ਲਈ।
ਗੱਲ ਕਰਨ ‘ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਵਨੀਤ ਸਿੰਘ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਛੇਤੀ ਕਲੋਨੀ ਵਿੱਚ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਏਗਾ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕਰਨ ਮਗਰੋਂ ਜੇਕਰ ਨਵੇਂ ਟਿਊਬਵੈਲ ਦੀ ਲੋੜ ਮਹਿਸੂਸ ਹੋਈ ਤਾਂ ਛੇਤੀ ਲਾਇਆ ਜਾਏਗਾ।