ਸੰਧਵਾਂ ਵੱਲੋਂ ਬੁੱਢੇ ਦਰਿਆ ਦਾ ਦੌਰਾ
ਲੁਧਿਆਣਾ 10 ਜਨਵਰੀ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਗੁਰਦੁਆਰਾ ਗਊਘਾਟ ਕੋਲ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬੁੱਢੇ ਦਰਿਆ ਨੂੰ ਸੁਰਜੀਤ ਕਰਨ ਲਈ ਸ਼ੁਰੂ ਕੀਤੇ ਕਾਰਜਾਂ ਨੂੰ ਦੇਖਣ ਲਈ ਲੁਧਿਆਣੇ ਪਹੁੰਚੇ। ਇਸ ਮੌਕੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੀ ਮੌਜੂਦ ਸਨ।
ਇਸ ਮੌਕੇ ਸਪੀਕਰ ਸੰਧਵਾਂ ਨੇ ਸੰਤ ਸੀਚੇਵਾਲ ਵੱਲੋਂ ਪੰਪਿੰਗ ਸਟੇਸ਼ਨ ਦੇ ਬਦਲਵੇ ਪ੍ਰਬੰਧਾਂ ਸਬੰਧੀ ਆਰੰਭ ਕੀਤੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੜਾਕੇ ਦੀ ਠੰਢ ਵਿੱਚ ਵੀ ਦਿਨ-ਰਾਤ ਬੁੱਢੇ ਦਰਿਆ ਨੂੰ ਪਵਿੱਤਰ ਬਣਾਉਣ ਲਈ ਇਹ ਇੱਕ ਵੱਡਾ ਉਪਰਾਲਾ ਹੈ। ਇਸ ਮੌਕੇ ਸੀਚੇਵਾਲ ਨੇ ਸ੍ਰੀ ਸੰਧਵਾਂ ਨੂੰ ਦੱਸਿਆ ਕਿ ਇਹ ਕਾਰਜ ਸੰਗਤ ਦੇ ਸਹਿਯੋਗ ਨਾਲ ਪਵਿੱਤਰ ਕਾਲੀ ਵੇਈਂ ਦੀ ਕੀਤੀ ਕਾਰਸੇਵਾ ਦੀ ਤਰਜ ’ਤੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 31 ਦਸੰਬਰ ਤੋਂ ਪੰਪਿੰਗ ਸਟੇਸ਼ਨ ਦੇ ਬਦਲਵੇਂ ਪ੍ਰਬੰਧਾਂ ਨੂੰ ਲੈ ਕੇ ਜੋ ਕਾਰਜ ਆਰੰਭੇ ਗਏ ਸੀ ਉਹ ਮੁਕੰਮਲ ਹੋ ਗਏ ਹਨ।
ਸ੍ਰੀ ਸੰਧਵਾਂ ਨੇ ਸੰਤ ਸੀਚੇਵਾਲ ਨੂੰ ਭਰੋਸਾ ਦਿੱਤਾ ਕਿ ਇਸ ਕਾਰਜ ਲਈ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਪਿੰਗ ਸਟੇਸ਼ਨ ਸਬੰਧੀ ਬਿਜਲੀ ਕੁਨੈਕਸ਼ਨ ਤੇ ਪੈਨਲ ਆਦਿ ਦਾ ਪ੍ਰਬੰਧ ਛੇਤੀ ਕੀਤਾ ਜਾਵੇ। ਉਨ੍ਹਾਂ ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ ਤੇ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨਾਲ ਵੀ ਫੋਨ ’ਤੇ ਗੱਲਬਾਤ ਕੀਤੀ।