ਸੰਤ ਸੀਚੇਵਾਲ ਵੱਲੋਂ ਬੁੱਢੇ ਦਰਿਆ ਦੀ ਸਫ਼ਾਈ ਲਈ ਪੱਕਾ ਮੋਰਚਾ
ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ਼ਹਿਰ ਵਿੱਚ ਤੰਬੂ ਗੱਡ ਲਿਆ ਹੈ। ਸੰਤ ਸੀਚੇਵਾਲ ਦੇ ਇਸ ਕਦਮ ਨੂੰ ਬੁੱਢੇ ਦਰਿਆ ਦੀ ਸਫ਼ਾਈ ਲਈ ਪੱਕੇ ਮੋਰਚੇ ਵਜੋਂ ਵੀ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਨੇ ਆਪਣਾ ਵਿਦੇਸ਼ ਦੌਰਾ ਵੀ ਇਸ ਕਰਕੇ ਰੱਦ ਕਰ ਦਿੱਤਾ ਸੀ ਕਿ ਉਨ੍ਹਾਂ ਬੁੱਢੇ ਦਰਿਆ ਦੀ ਕਾਰ ਸੇਵਾ ਸ਼ੁਰੂ ਕਰਨ ਨੂੰ ਤਰਜੀਹ ਦਿੱਤੀ। ਉਧਰ ਪੰਜਾਬੀ ਦੇ ਨਾਮਵਰ ਕਵੀ ਡਾ. ਗੁਰਭਜਨ ਗਿੱਲ ਨੇ ਪੰਜਾਬ ਅਤੇ ਖ਼ਾਸ ਕਰਕੇ ਲੁਧਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸ਼ੁਰੂ ਕੀਤੀ ਕਾਰ ਸੇਵਾ ਵਿੱਚ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਬੁੱਢੇ ਦਰਿਆ ਨੂੰ ਸਾਫ਼ ਕਰਨ ਨੂੰ ਹਰ ਪੰਜਾਬੀ ਆਪਣਾ ਨੈਤਿਕ ਧਰਮ ਮੰਨ ਕੇ ਨਿਭਾਵੇ। ਡਾ. ਗਿੱਲ ਨੇ ਕਿਹਾ ਕਿ ਬਾਬੇ ਨਾਨਕ ਦੀ ਵੇਈਂ ਵਾਂਗ ਬੁੱਢੇ ਦਰਿਆ ਦਾ ਇਤਿਹਾਸ ਵੀ ਗੁਰੂ ਨਾਨਕ ਦੇਵ ਨਾਲ ਜੁੜਦਾ ਹੈ। ਇਤਿਹਾਸਕ ਗੁਰਦੁਆਰਾ ਗਾਊਘਾਟ ਇਸ ਦਾ ਚਸ਼ਮਦੀਦ ਗਵਾਹ ਹੈ।
ਬੁੱਢਾ ਦਰਿਆ ਪੰਜਾਬ ਦੇ ਸਭ ਤੋਂ ਵੱਧ ਪਲੀਤ ਦਰਿਆਵਾਂ ਵਿੱਚ ਆਉਂਦਾ ਹੈ ਤੇ ਇਸ ਦਰਿਆ ਨੂੰ ਲੈ ਕੇ ਹਰ ਪੰਜਾਬੀ ਫਿਰਕਮੰਦ ਹੈ। ਹਾਲਾਂਕਿ ਪਿਛਲੀਆਂ ਕਈ ਸੂਬਾ ਸਰਕਾਰਾਂ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਬੁੱਢੇ ਦਰਿਆ ਵਿੱਚ ਪੈ ਰਹੇ ਜ਼ਹਿਰੀਲੇ ਪਾਣੀਆਂ ਨੂੰ ਰੋਕਣ ਦੇ ਯਤਨ ਕੀਤੇ ਸਨ ਪਰ ਇਸ ਨੂੰ ਸਫ਼ਲਤਾ ਨਹੀਂ ਸੀ ਮਿਲੀ। ਹੁਣ ਜਦੋਂ ਬੁੱਢੇ ਦਰਿਆ ਨੂੰ ਸਾਫ ਕਰਨ ਲਈ ਸੰਤ ਸੀਚੇਵਾਲ ਦੀ ਅਗਵਾਈ ਹੇਠ ਦੂਜੇ ਪੜਾਅ ਦੀ ਕਾਰ ਸੇਵਾ ਸ਼ੁਰੂ ਹੋ ਗਈ ਹੈ ਤਾਂ ਡੇਅਰੀਆਂ ਅਤੇ ਫੈਕਟਰੀਆਂ ਵਾਲਿਆਂ ਵੱਲੋਂ ਨੇ ਵੀ ਹੁੰਗਾਰਾ ਦਿੱਤਾ ਹੈ। ਕਿਉਂਕਿ ਸੰਤ ਸੀਚੇਵਾਲ ਵੱਲੋਂ ਡੇਅਰੀ ਮਾਲਕਾਂ ਅਤੇ ਫੈਕਟਰੀ ਦੇ ਮਾਲਕਾਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਬਹੁਤਿਆ ਵੱਲੋਂ ਇਸ ਕਾਰਸੇਵਾ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਹੈ।
ਇਹ ਸਾਂਝਾ ਕਰਮ ਹੈ, ਸਭ ਨੂੰ ਕਰਨਾ ਚਾਹੀਦਾ ਹੈ: ਸੀਚੇਵਾਲ
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਦੀ ਸ਼ੁਰੂ ਕੀਤੀ ਕਾਰ ਸੇਵਾ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਇਹ ਇੱਕ ਸਾਂਝਾ ਕਾਰਜ ਹੈ। ਇਸ ਵਿੱਚ ਬਜਾਏ ਕਿਸੇ ਧਿਰ ਦੀ ਉਡੀਕ ਕਰਨ ਦੇ ਸਾਨੂੰ ਗੁਰਬਾਣੀ ਦਾ ਓਟ ਆਸਰਾ ਲੈ ਕੇ ਕੰਮ ਆਰੰਭ ਕਰ ਦੇਣਾ ਚਾਹੀਦਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਬਾਬੇ ਨਾਨਕ ਦੀ ਵੇਈ ਨੂੰ ਸਾਫ ਕਰਨ ਲੱਗਿਆ ਵੀ ਬਹੁਤ ਚਣੌਤੀਆਂ ਆਈਆਂ ਸਨ ਪਰ ਲੋਕਾਂ ਦੇ ਸਹਿਯੋਗ ਨੇ ਇਸ ਨੂੰ ਸਹਿਜ ਵਿੱਚ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆ ਹੀ ਪੰਜਾਬੀਆਂ ਦੀ ਅਸਲ ਵਿਰਾਸਤ ਹੈ ਤੇ ਇਸ ਨੂੰ ਸੰਭਾਲਣਾ ਵੀ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਬੁੱਢੇ ਦਰਿਆ ਦੀ ਸਫਾਈ ਲਈ ਪੱਕਾ ਮੋਰਚਾ ਲਾ ਦਿੱਤਾ ਹੈ ਤੇ ਬਕਾਇਦਾ ਤੰਬੂ ਗੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੁੱਢੇ ਦਰਿਆ ਦੀ ਸਫਾਈ ਤੱਕ ਇਹ ਕਾਰ ਸੇਵਾ ਜਾਰੀ ਰਹੇਗੀ। ਇਸ ਲਈ ਹੁਣ ਲੁਧਿਆਣਾ ਹੀ ਉਨ੍ਹਾਂ ਦੀ ਆਰਜ਼ੀ ਰਿਹਾਇਸ਼ ਬਣ ਗਈ ਹੈ।
ਫੋਟੋ।