ਸੰਤ ਕਿਸ਼ਨ ਸਿੰਘ ਦੇ 35ਵੇਂ ਬਰਸੀ ਸਮਾਗਮ ਬਾਰੇ ਪ੍ਰਬੰਧ ਮੁਕੰਮਲ
ਸੰਤ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ 35ਵੀਂ ਬਰਸੀ ਸੰਪ੍ਰਦਾਇ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਬਰਸੀ ਸਮਾਗਮ ਸਬੰਧੀ ਮੁੱਖ ਗ੍ਰੰਥੀ ਗਿਆਨੀ ਅਜਵਿੰਦਰ ਸਿੰਘ ਅਤੇ ਮੁੱਖ ਬੁਲਾਰੇ ਭਾਈ ਰਣਧੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਮਹਾਪੁਰਸ਼ਾਂ ਦੀ ਯਾਦ ਵਿੱਚ 30 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਜਿਸ ਉਪਰੰਤ ਕਵੀਸ਼ਰੀ ਅਤੇ ਢਾਡੀ ਦਰਬਾਰ ਕਰਵਾਇਆ ਜਾਵੇਗਾ। ਅਗਲੇ ਦਿਨ 31 ਦਸੰਬਰ ਨੂੰ ਸਵੇਰੇ 10 ਵਜੇ ਗੁਰਮਤਿ ਸਮਾਗਮ ਆਰੰਭ ਹੋਣਗੇ ਜਿਸ ਦੌਰਾਨ ਵੱਖ-ਵੱਖ ਸੰਪ੍ਰਦਾਵਾਂ ਦੇ ਸੰਤ ਮਹਾਪੁਰਸ਼, ਪੰਥ ਦੇ ਸਿਰਮੌਰ ਪ੍ਰਚਾਰਕ, ਰਾਗੀ ਸਿੰਘਾਂ ਤੋਂ ਇਲਾਵਾ ਸਿੱਖ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ, ਤਖ਼ਤ ਸਾਹਿਬਾਨਾਂ ਦੇ ਸਿੰਘ ਸਾਹਿਬਾਨ ਆਪਣੇ ਪ੍ਰਵਚਨਾਂ ਰਾਹੀਂ ਮਹਾਪੁਰਸ਼ਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨਗੇ। ਉਨ੍ਹਾਂ ਦੱਸਿਆ ਕਿ 1 ਜਨਵਰੀ ਨੂੰ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸੇ ਦਿਨ ਅੰਮ੍ਰਿਤ ਸੰਚਾਰ ਕਰਵਾਏ ਜਾਣਗੇ ਅਤੇ 9 ਤੋਂ 3 ਵਜੇ ਤੱਕ ਦੀਵਾਨ ਸਜਣਗੇ। ਤਿੰਨੋਂ ਦਿਨ ਅਸਥਾਨ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਜੀ ਗੁਰਬਾਣੀ ਦੇ ਇਲਾਹੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਤੋਂ ਇਲਾਵਾ ਭਾਈ ਰਣਧੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਸਮੂਹ ਸ਼ਹੀਦ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਹਰ ਰੋਜ਼ 29 ਦਸੰਬਰ ਤੱਕ 11 ਤੋਂ 3 ਵਜੇ ਤੱਕ ਦੀਵਾਨ ਸਜਾਏ ਜਾਣਗੇ। ਉਨ੍ਹਾਂ ਦੱਸਿਆ ਕਿ ਬਰਸੀ ਸਮਾਗਮ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਬਾਬਾ ਰੋਸ਼ਨ ਸਿੰਘ ਧਬਲਾਨ, ਬਾਬਾ ਗੁਰਮੁੱਖ ਸਿੰਘ ਆਲੋਵਾਲ, ਬਾਬਾ ਅਮਰ ਸਿੰਘ ਭੋਰਾ ਸਿੰਘ, ਬਾਬਾ ਅਮਰ ਸਿੰਘ ਕਥਾਵਾਚਕ, ਭਾਈ ਮਨਿੰਦਰਜੀਤ ਸਿੰਘ ਬਾਵਾ, ਭਾਈ ਮਲਕੀਤ ਸਿੰਘ ਪਨੇਸਰ, ਭਾਈ ਗੁਰਨਾਮ ਸਿੰਘ ਅੜੈਚਾ, ਡਾ. ਗੁਰਨਾਮ ਕੌਰ ਚੰਡੀਗੜ੍ਹ, ਭਾਈ ਅਮਰ ਸਿੰਘ ਮਾਲੇਰਕੋਟਲਾ ਤੇ ਭਵਪ੍ਰੀਤ ਸਿੰਘ ਮੁੰਡੀ ਸਮੇਤ ਟਰੱਸਟ ਦੇ ਮੈਂਬਰ ਹਾਜ਼ਰ ਸਨ।