ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਵੱਲੋਂ ਸਾਈਕਲ ਰੈਲੀ
ਪੱਤਰ ਪ੍ਰੇਰਕ
ਪਾਇਲ, 19 ਮਈ
ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਦੇ ਐੱਨਸੀਸੀ ਕੈਡੇਟਸ ਤੇ ਵਾਲੰਟੀਅਰਾਂ ਨੇ ਅੱਜ ਸਕੂਲ ਦੇ ‘ਈਕੋ ਕਲੱਬ’ ਰਾਹੀਂ ‘ਵਾਤਾਵਰਨ ਸੁਰੱਖਿਆ’ ਤਹਿਤ ਪ੍ਰਿੰਸੀਪਲ ਧੀਰਜ ਕੁਮਾਰ ਥਪਲਿਆਲ ਦੀ ਅਗਵਾਈ ਹੇਠ ਸਾਈਕਲ ਰੈਲੀ ਕੱਢੀ। ਸਕੂਲ ਟਰੱਸਟ ਦੇ ਮੈਂਬਰ ਤੇ ਵਾਤਾਵਰਨ ਪ੍ਰੇਮੀ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਰੈਲੀ ਦਾ ਮੁੱਖ ਉਦੇਸ਼ ਪੰਜਾਬ ਨੂੰ ਨਸ਼ਾ ਮੁਕਤ ਕਰਨ, ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ, ਲੋਕਾਂ ਨੂੰ ਜਾਗਰੂਕ ਕਰਨਾ ਤੇ ਵਿਦਿਆਰਥੀਆਂ ਅੰਦਰ ਸਵੈ-ਜਾਗਰੂਕਤਾ ਪੈਦਾ ਕਰਨਾ ਸੀ।
ਇਹ ਸਾਈਕਲ ਰੈਲੀ ਸਵੇਰੇ 6 ਵਜੇ ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਦੇ ਗੇਟ ਤੋਂ ਸ਼ੁਰੂ ਹੋਈ। ਸਾਈਕਲ ਰੈਲੀ ਨੂੰ ਸਕੂਲ ਦੇ ਅਸਟੇਟ ਅਫ਼ਸਰ ਕੈਪਟਨ ਰਣਜੀਤ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰੈਲੀ ਵਿੱਚ ਸਕੂਲ ਦੇ ਵਿਦਿਆਰਥੀਆਂ ਸਮੇਤ ਅਧਿਆਪਕਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਰੈਲੀ ਪਿੰਡ ਘਲੋਟੀ, ਭੀਖੀ, ਖੱਟੜਾ ਪਿੰਡ ਤੋਂ ਹੁੰਦੀ ਹੋਈ ਵਾਪਸ ਸਕੂਲ ਪੁੱਜ ਕੇ ਸਮਾਪਤ ਹੋਈ। ਵਿਦਿਆਰਥੀਆਂ ਨੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਪੋਸਟਰ ਅਤੇ ਸਲੋਗਨਾਂ ਦੀਆਂ ਤਖ਼ਤੀਆਂ ਤਿਆਰ ਕਰਕੇ ਸਾਈਕਲਾਂ ’ਤੇ ਲਗਾਈਆਂ ਹੋਈਆਂ ਸਨ।
ਇਸ ਰੈਲੀ ਨੂੰ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵੀ ਕਾਫ਼ੀ ਭਰਵਾਂ ਹੁੰਗਾਰਾ ਮਿਲਿਆ। ਸਾਈਕਲ ਰੈਲੀ ਦੌਰਾਨ ਬੱਚਿਆਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸਟੇਟ ਅਫ਼ਸਰ ਕੈਪਟਨ ਰਣਜੀਤ ਸਿੰਘ ਦੁਆਰਾ ਐਂਬੂਲੈਂਸ ਅਤੇ ਸਕਿਉਰਟੀ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ ਜੋ ਨਾਲ ਨਾਲ ਚੱਲ ਰਹੀ ਸੀ। ਇਸ ਰੈਲੀ ਨੂੰ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਹਸਪਤਾਲ ਦੇ ਸਟਾਫ਼ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਰੈਲੀ ਦੀ ਵਾਪਸੀ ਸਮੇਂ ਵਿਦਿਆਰਥੀ ਵੱਲੋਂ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿੱਚ ਮੱਥਾ ਟੇਕਿਆ। ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਹਮੇਸ਼ਾ ਵਾਤਾਵਰਨ ਦੀ ਸੁਰੱਖਿਆ ਲਈ ਤੱਤਪਰ ਰਹਿੰਦੀ ਹੈ, ਇਹ ਸਾਈਕਲ ਰੈਲੀ ਉਸੇ ਸੰਕਲਪ ਦਾ ਹਿੱਸਾ ਹੈ। ਆਓ ਸਾਰੇ ਰਲਕੇ ਪਾਣੀ, ਵਾਤਾਵਰਨ ਤੇ ਜ਼ਮੀਨ ਨੂੰ ਬਚਾਉਣ ਲਈ ਅੱਗੇ ਆਈਏ।