ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਤਾਪਿਆ 1947 ਤੇ ਬੁੱਤਤਰਾਸ਼ ਅਮਰਨਾਥ ਸਹਿਗਲ

02:36 AM Jun 18, 2023 IST

ਪ੍ਰੇਮ ਸਿੰਘ

Advertisement

ਲਾਕਾਰ ਕਲਾ ਰਾਹੀਂ ਆਪਣੇ ਕਲਾਤਮਿਕ ਸਰੋਕਾਰਾਂ ਦਾ ਪ੍ਰਗਟਾਵਾ ਕਰਦਾ ਹੈ। ਕਲਾ ਸੁਹਜਾਤਮਕ ਆਨੰਦ ਹੀ ਨਹੀਂ ਦਿੰਦੀ ਸਗੋਂ ਇਸ ਦਾ ਇਤਿਹਾਸ ਵੀ ਰਚਦੀ ਹੈ। ਹਰ ਇਕ ਕਲਾਕਾਰ ਦੀ ਵਿਲੱਖਣਤਾ ਸਿਰਜਣਾਤਮਕ ਹੁਨਰ ਅਤੇ ਕਾਲਪਨਿਕ ਪ੍ਰਗਟਾਅ ਵਿਚ ਹੀ ਹੈ। ਕਲਾਕਾਰ ਆਪਣੇ ਸਮੇਂ ਦੀ ਆਵਾਜ਼ ਹੁੰਦਾ ਹੈ। ਇਸੇ ਆਵਾਜ਼ ਵਿਚ ਸਾਡਾ ਵਿਰਸਾ ਅਤੇ ਵਿਰਾਸਤ ਹੁੰਦੀ ਹੈ। ਅਮਰਨਾਥ ਸਹਿਗਲ ਸੰਨ ਸੰਤਾਲੀ ਦੇ ਸੰਤਾਪ ਦਾ ਹੀ ਜੜ੍ਹੋਂ ਉੱਖੜਿਆ ਕਲਾਕਾਰ ਹੈ ਜੋ ਨਵੇਂ ਬਣੇ ਭਾਰਤ ਵਿਚ ਆਪਣਾ ਭਵਿੱਖ ਤਰਾਸ਼ ਰਿਹਾ ਸੀ।

ਪਿਤਾ ਰਾਮ ਆਸਰਾ ਮੱਲ ਅਤੇ ਮਾਤਾ ਪਰਮੇਸ਼ਵਰੀ ਦੇਵੀ ਦੇ ਇਸ ਪੁੱਤਰ ਦਾ ਜਨਮ ਇਕ ਫਰਵਰੀ 1922 ਨੂੰ ਕੈਂਪਬੈਲਪੁਰ (ਅਟਕ, ਹੁਣ ਪਾਕਿਸਤਾਨ) ਵਿਖੇ ਹੋਇਆ। ਪਰਿਵਾਰ ਵਿਚ ਅਮਰਨਾਥ ਸਹਿਗਲ ਚੌਥਾ ਬੱਚਾ ਸੀ। ਗਵਰਮੈਂਟ ਕਾਲਜ, ਲਾਹੌਰ ਤੋਂ ਪੜ੍ਹਾਈ ਕਰ ਕੇ ਉਸ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਇੰਡਸਟ੍ਰੀਅਲ ਕੈਮਿਸਟਰੀ/ਫਿਜ਼ਿਕਸ ਦੀ ਡਿਗਰੀ ਹਾਸਲ ਕੀਤੀ। ਪੜ੍ਹਾਈ ਦੌਰਾਨ ਉਸ ਨੇ ਲਾਹੌਰ ਵਿਖੇ ਇੰਜੀਨੀਅਰ ਦਾ ਕੰਮ ਕੀਤਾ।

Advertisement

ਮਈ 1947 ‘ਚ ਪਰਿਵਾਰ ਚੜ੍ਹਦੇ ਪੰਜਾਬ ਦੇ ਪਹਾੜੀ ਇਲਾਕੇ (ਕੁੱਲੂ-ਕਾਂਗੜਾ) ਆ ਵੱਸਿਆ। ਇੱਥੇ ਪਹਿਲੀ ਵਾਰ ਅਮਰਨਾਥ ਸਹਿਗਲ ਨੇ ਮੁਸਲਮਾਨਾਂ ਦਾ ਭਿਆਨਕ ਕਤਲੇਆਮ ਵੇਖਿਆ ਜਿਸ ਕਾਰਨ ਉਹ ਦਹਿਲ ਗਿਆ। ਉਸ ਦੀ ਮਾਨਸਿਕਤਾ ਅਤੇ ਕਲਾ ‘ਤੇ ਇਸ ਦਾ ਸਥਾਈ ਪ੍ਰਭਾਵ ਪਿਆ। ਉਸ ਸਮੇਂ ਕਲਾਕਾਰ 25 ਵਰ੍ਹਿਆਂ ਦਾ ਸੀ।

ਇੰਜੀਨੀਅਰਿੰਗ ਤੋਂ ਝੁਕਾਅ ਕਲਾ ਵੱਲ ਹੋ ਗਿਆ। ਪ੍ਰੋਫੈਸਰ ਬੀ.ਸੀ. ਸਾਨਿਆਲ ਵੱਲੋਂ ਸਥਾਪਤ ਲਾਹੌਰ ਸਕੂਲ ਆਫ ਫਾਈਨ ਆਰਟ ਵਿਖੇ ਉਨ੍ਹਾਂ ਦੀ ਸ਼ਾਗਿਰਦੀ ਕੀਤੀ। 1950 ‘ਚ ਆਰਟ ਐਜੂਕੇਸ਼ਨ, ਸਕੂਲ ਆਫ ਐਜੂਕੇਸ਼ਨ, ਨਿਊਯਾਰਕ ‘ਚ ਪੜ੍ਹਾਈ ਕੀਤੀ। ਵਿਸ਼ਵ ਕਲਾ ਦੇ ਸ਼ਾਹਕਾਰਾਂ ਤੋਂ ਪ੍ਰੇਰਨਾ ਮਿਲੀ। ਇਸ ਨਾਲ ਸਹਿਜੇ ਹੀ ਉਸ ਦੀ ਕਲਾ ਵਿਚ ਗਹਿਰਾਈ ਅਤੇ ਗੰਭੀਰਤਾ ਆਈ। 1951 ‘ਚ ਨਿਊਯਾਰਕ ਵਿਖੇ ਆਪਣੀ ਪਹਿਲੀ ਪ੍ਰਦਰਸ਼ਨੀ ਲਗਾਈ। ਭਾਰਤ ਵਾਪਸ ਆ ਕੇ ਦਿੱਲੀ ਦੇ ਮਾਡਰਨ ਸਕੂਲ ਵਿਚ ਪੜ੍ਹਾਇਆ। ਉਸ ਦੀ ਪਤਨੀ ਸ਼ੀਲਾ ਧਵਨ ਵੀ ਉਸ ਵੇਲੇ ਉੱਥੇ ਪੜ੍ਹਾਉਂਦੀ ਸੀ। ਕੁਝ ਸਮਾਂ ਅਮਰਨਾਥ ਸਹਿਗਲ ਨੇ ਦਿੱਲੀ ਸਕੂਲ ਆਫ ਆਰਟ ਵਿਚ ਵੀ ਅਧਿਆਪਨ ਕੀਤਾ। ਮਗਰੋਂ ਦਿੱਲੀ ਵਿਚ ਆਪਣਾ ਸਟੂਡੀਓ ਸਥਾਪਤ ਕਰ ਕੇ ਆਪਣੇ ਆਪ ਨੂੰ ਕਲਾ ਲਈ ਸਮਰਪਿਤ ਕਰ ਦਿੱਤਾ।

ਕਲਾਕਾਰ ਹੋਣ ਦੇ ਨਾਲ-ਨਾਲ ਅਮਰਨਾਥ ਸਹਿਗਲ ਕਵੀ ਵੀ ਸੀ। ਉਸ ਨੇ ਆਪਣੀਆਂ ਕਵਿਤਾਵਾਂ ਦੇ ਦੋ ਸੰਗ੍ਰਹਿ ‘ਇਕੱਲੀ ਯਾਤਰਾ’ ਅਤੇ ‘ਨਵੀਂ ਸਵੇਰ ਦੀ ਉਡੀਕ’ ਪ੍ਰਕਾਸ਼ਿਤ ਕੀਤੇ। ਇਹ ਕਵਿਤਾਵਾਂ ਅੰਗਰੇਜ਼ੀ ਭਾਸ਼ਾ ਵਿਚ ਹਨ। ਉਸ ਦੀਆਂ ਤਕਨੀਕੀ ਪੱਖੋਂ ਨਿਪੁੰਨ ਅਤੇ ਬਹੁਤ ਹੀ ਸਾਧਾਰਨ ਡਰਾਇੰਗਜ਼, ਪੇਸਟਲਜ਼, ਵਾਟਰ ਕਲਰਜ਼ ਅਤੇ ਸਕਲਪਚਰਜ਼ ਆਦਿ ਨੇ ਉਸ ਦੀ ਆਪਣੇ ਸਮੇਂ ਦੇ ਭਾਰਤੀ ਆਧੁਨਿਕ ਕਲਾਕਾਰਾਂ ‘ਚ ਇਕ ਵਿਲੱਖਣ ਪਛਾਣ ਸਥਾਪਤ ਕੀਤੀ ਹੈ। ਉਸ ਦੀ ਕਲਾ ਅਤੇ ਕਵਿਤਾ ‘ਸੱਤਾ ਦੀ ਰਾਜਨੀਤੀ, ਨਤੀਜੇ ਵਜੋਂ ਹੋਈ ਹਿੰਸਾ ਅਤੇ ਵਿਸਥਾਪਨ ਦਾ ਬਿਰਤਾਂਤ’ ਹਨ, ਪਰ ਇਹ ਵਿਰੋਧ, ਉਮੀਦ, ਦਿਆਲਤਾ, ਜੀਵਨ ਸ਼ਕਤੀ ਅਤੇ ਮਨੁੱਖਤਾ ਦਾ ਪੁਖ਼ਤਾ ਸਬੂਤ ਵੀ ਹੈ।

ਕਲਾਕਾਰ ਨੇ ਵੰਡ ਦੀ ਪੀੜ ਨੂੰ ਲੀਕ ਚਿੱਤਰ ਅਤੇ ਕਾਂਸੀ ਦੇ ਬੁੱਤਾਂ ਵਿਚ ਕੈਦ ਕੀਤਾ। ਜਦੋਂ ਤੁਸੀਂ ਆਪ ਇਸ ਸੰਤਾਪ ਦਾ ਹਿੱਸਾ ਹੋਵੋ ਤਾਂ ਅਜਿਹਾ ਕੰਮ ਕਰਨਾ ਹੋਰ ਵੀ ਔਖਾ ਹੁੰਦਾ ਹੈ। ਐਸੇ ਸਮਿਆਂ ਵਿਚ ਜਦੋਂ ਬੇਕਸੂਰ ਲੋਕਾਂ ਦਾ ਤੁਹਾਡੀਆਂ ਅੱਖਾਂ ਸਾਹਮਣੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੋਵੇ। ਅਜਿਹੀ ਸਥਿਤੀ ਵਿਚ ਰਚਨਾਤਮਕ ਪ੍ਰਗਟਾਵੇ ਦੇ ਮਾਧਿਅਮ ਰਾਹੀਂ ਇਨ੍ਹਾਂ ਜਜ਼ਬਾਤ ਅਤੇ ਸੰਵੇਦਨਸ਼ੀਲਤਾ ਨੂੰ ਪ੍ਰਗਟਾਉਣਾ ਅਦੁੱਤੀ ਸਾਹਸ ਅਤੇ ਕਲਾਕਾਰ ਦੀ ਮਨੁੱਖੀ ਤਾਕਤ ਦਾ ਇਮਤਿਹਾਨ ਹੁੰਦਾ ਹੈ।

ਸੰਨ 1945 ‘ਚ ਅਣਵੰਡੇ ਹਿੰਦੋਸਤਾਨ ‘ਚ ਨਾਅਰਿਆਂ ਦੀ ਗੂੰਜ ਨਾਲ ਵਧ ਰਹੀ ਅਸ਼ਾਂਤੀ ਅਤੇ ਫ਼ਿਰਕਾਪ੍ਰਸਤੀ ਚਿੰਤਾਜਨਕ ਸੀ। ਵਕਤ ਦੇ ਨਾਲ-ਨਾਲ ਹਾਲਾਤ ਵਿਗੜਦੇ ਜਾ ਰਹੇ ਸਨ। ਅਨਿਸ਼ਚਿਤਤਾ ਵਿਚ ਲੋਕ ਇਧਰ-ਉਧਰ ਦੌੜ ਰਹੇ ਸਨ। ਨੇਤਾਵਾਂ ਦੇ ਆਪਣੇ ਮਨਸੂਬੇ ਸਨ। ਕਲਾਕਾਰ ਇੱਥੇ ਆਪਣੇ ਖ਼ਿਆਲਾਂ ਨੂੰ ਸੁੱਤੇ-ਸਿੱਧ ਪ੍ਰਗਟਾਉਣ ਤੋਂ ਨਹੀਂ ਝਿਜਕਦਾ। ਕਾਂਸੀ ਵਰਗੇ ਠੋਸ ਮਾਧਿਅਮ ਵਿਚ ਭਾਵਨਾਵਾਂ ਦਾ ਸਿੱਧਾ ਅਤੇ ਸੂਖ਼ਮ ਅਨੁਵਾਦ ਉਸ ਦੇ ਕਲਾਕਾਰ ਹੋਣ ਨਾਲੋਂ ਵੀ ਵੱਧ, ਪ੍ਰਭਾਵਸ਼ਾਲੀ ਅਤੇ ਸੰਵੇਦਨਸ਼ੀਲ ਮਨੁੱਖ ਹੋਣ ਦੀ ਸ਼ਾਅਦੀ ਭਰਦਾ ਹੈ।

ਅਮਰਨਾਥ ਸਹਿਗਲ ਨੂੰ ਜਾਣਨਾ ਕੋਈ ਔਖਾ ਨਹੀਂ। ਉਸ ਨੇ ਹਮੇਸ਼ਾ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਵਿਚ ਸੰਜਮ ਦਿਖਾਇਆ ਜੋ ‘ਜੀਵਨ ਯਾਤਰਾ ਇਕ ਕਲਾ ਹੈ’ ਦੀ ਗਵਾਹੀ ਭਰਦਾ ਹੈ। ਉਸ ਦੀ ਰਚਨਾਤਮਿਕ ਪ੍ਰਕਿਰਿਆ ਰਾਹੀਂ ਪਤਾ ਲੱਗਾ ਕਿ ਉਹ ਦਰਦਮੰਦ ਇਨਸਾਨ ਸੀ ਜੋ ਸਾਡੇ ਵਰਗੀ ਦੁਨੀਆਂ ਲਈ ਅਤਿ-ਸੰਵੇਦਨਸ਼ੀਲ ਸੀ। ਇਸੇ ਸੰਵੇਦਨਸ਼ੀਲਤਾ ਨੇ ਉਸ ਨੂੰ ਸਵੈ-ਪ੍ਰਗਟਾਵੇ ਲਈ ਨਿਡਰ ਬਣਾ ਦਿੱਤਾ। ਇਸ ਦੀ ਉਦਾਹਰਣ ਉਸ ਦੀ ਵੰਡ ਤੋਂ ਪਹਿਲਾਂ ਅਤੇ ਬਾਅਦ ਵਿਚ ਕੀਤੀ ਕਲਾ ‘ਚ ਆਈ ਤਬਦੀਲੀ ‘ਚ ਦੇਖ ਸਕਦੇ ਹੋ।

ਉਸ ਦਾ ਕੰਮ ਦਰਸਾਉਂਦਾ ਹੈ ਕਿ ਅਮਰਨਾਥ ਸਹਿਗਲ ਨੂੰ ਮਨੁੱਖਤਾ ‘ਤੇ ਹੋਏ ਜਬਰ-ਜ਼ੁਲਮ ਨੇ ਬਹੁਤ ਪ੍ਰਭਾਵਿਤ ਕੀਤਾ, ਭਾਵੇਂ ਇਹ ਜੰਗਾਂ, ਫ਼ਿਰਕੂ ਦੰਗੇ, ਧਾਰਮਿਕ ਨਾਬਰਾਬਰੀਆਂ ਜਾਂ ਔਰਤਾਂ ਵਿਰੁੱਧ ਅੱਤਿਆਚਾਰ ਹੋਣ। ਉਸ ਦੀਆਂ ਕਲਾਕ੍ਰਿਤਾਂ ‘ਅਣਸੁਣੀਆਂ ਚੀਖਾਂ 1959’ ਅਤੇ ‘ਪੀੜਤ ਮਨ ਦੀਆਂ ਚੀਖਾਂ 1971’ ਸੰਨ ਸੰਤਾਲੀ ਦੀ ਵੰਡ ਦਾ ਹਲਫ਼ਨਾਮਾ ਹਨ। ਚੀਖ਼ਦੇ ਚਿਹਰਿਆਂ ਦਾ ਸਮੂਹ ਮਨੁੱਖ ਦੀ ਚੇਤਨਾ ਨੂੰ ਅਟੱਲ ਤੌਰ ‘ਤੇ ਤੋੜ ਦਿੰਦਾ ਹੈ। ਭਾਵੇਂ ਇਹ ਚੀਖ਼ ਵੰਡ ਦੇ ਸੰਤਾਪ ‘ਚੋਂ ਨਿਕਲੀ ਪਰ ਮੇਰੇ ਵਿਚਾਰ ਵਿਚ ਇਸ ਨਛੱਤਰ ‘ਤੇ ਵੱਸਦੇ ਸੂਖ਼ਮ ਮਨ ਦੀ ਚੀਖ਼ ਹੈ। ਜਦੋਂ ਵੀ ਮੈਂ ਇਸ ਕਾਂਸੀ ਦੀ ਕਲਾਕ੍ਰਿਤ ਨੂੰ ਵੇਖਦਾ ਹਾਂ ਤਾਂ ਮੇਰੀ ਨਜ਼ਰ ਹਰ ਚਿਹਰੇ ‘ਚੋਂ ਨਿਕਲਦੀ ਚੀਕ ਸੁਣਦੀ ਇਕ ਚਿਹਰੇ ਦਾ ਰੂਪ ਬਣ ਜਾਂਦੀ ਹੈ।

ਅਮਰਨਾਥ ਸਹਿਗਲ ਸਾਹਸੀ ਅਤੇ ਦ੍ਰਿੜ੍ਹ ਇਰਾਦੇ ਵਾਲਾ ਕਲਾਕਾਰ ਸੀ। ਵੰਡ ਨਾਲ ਸਬੰਧਿਤ ਕਲਾਕ੍ਰਿਤਾਂ ਅਤੇ ਇਨ੍ਹਾਂ ਦੀ ਸਿਰਜਣਾ ਲਈ ਸਟੂਡੀਓ ‘ਚ ਲੁਕ-ਲੁਕ ਕੇ ਕੀਤਾ ਗਿਆ ਸੰਘਰਸ਼ ਸਪੱਸ਼ਟ ਹੈ। ਕਲਾਕਾਰ ਰਚਨਾਤਮਿਕ ਪ੍ਰਕਿਰਿਆ ਦੌਰਾਨ ਅੰਤਰੀਵ ਭਾਵਨਾਵਾਂ ਨੂੰ ਪ੍ਰਗਟਾਉਣ ਲਈ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਦਾ ਹੈ। ਇਸ ਦਾ ਪਤਾ ਜਾਂ ਤਾਂ ਸਿਰਫ਼ ਕਲਾਕਾਰ ਨੂੰ ਹੁੰਦਾ ਹੈ ਜਾਂ ਫਿਰ ਸਟੂਡੀਓ ਨੂੰ। ਚਿੱਤ ਵਿਚ ਵੱਸਦਾ ਖ਼ਿਆਲ ਆਪਣਾ ਰੂਪ ਰੰਗ ਵੇਖਣ ਲਈ ਵਿਆਕੁਲ ਹੁੰਦਾ ਹੈ ਤਾਂ ਉਸ ਸਮੇਂ ਕਲਾਕਾਰ ਦੀ ਕਲਾ ਪ੍ਰਤੀ ਪ੍ਰਤੀਬੱਧਤਾ ਨੂੰ ਚੁਣੌਤੀ ਮਿਲਦੀ ਹੈ। ਚੁਣੌਤੀ ਦੇ ਅਜਿਹੇ ਪਲਾਂ ਵਿਚ ਸਿਰਜੀਆਂ ਕਲਾਕ੍ਰਿਤਾਂ ਨੇ ਵੰਡ ਦੇ ਸੰਤਾਪ ਨੂੰ ਪ੍ਰਗਟਾਉਣ ਦੇ ਨਾਲ-ਨਾਲ ਇਸ ਦੇ ਭਿਆਨਕ ਜ਼ਖ਼ਮਾਂ ਨੂੰ ਵੀ ਭਰਿਆ ਹੈ।

ਅਮਰਨਾਥ ਸਹਿਗਲ ਦੀ ਸ਼ਖ਼ਸੀਅਤ ਦਾ ਇਕ ਹੋਰ ਪੱਖ ਉੱਭਰ ਕੇ ਸਾਹਮਣੇ ਆਇਆ ਹੈ ਉਸ ਦਾ ਆਪਣੇ ਅੰਦਰ ਵੱਸਦੇ ਕਲਾਕਾਰ ਦੇ ਹੱਕਾਂ ਲਈ ਲੜਨਾ। ਉਸ ਦੀਆਂ ਰਚਨਾਤਮਿਕ ਸੰਕਲਪਵਾਦੀ ਧਾਰਨਾਵਾਂ ਵਿਚ ਨਾ ਸਿਰਫ਼ ਪੂਰਬ ਦੀ ਭਾਵਨਾ ਸ਼ਾਮਿਲ ਸੀ ਸਗੋਂ ਇਸ ਵਿਚ ਉਸ ਨੇ ਆਪਣੀ ਕਲਾ ਦੀ ਜਨਮ ਭੂਮੀ ਵਿਚੋਂ ਮਿਲੀ ਜੀਵਨ ਸ਼ਕਤੀ ਅਤੇ ਮਿੱਟੀ ਦੀ ਮਹਿਕ ਨੂੰ ਵੀ ਬਰਕਰਾਰ ਰੱਖਿਆ। ਫਿਰ ਵੀ ਭਾਰਤ ਦੀ ਆਧੁਨਿਕ ਕਲਾ ਵਿਚ ਉਸ ਨੂੰ ਉਹ ਮਾਣ-ਸਤਿਕਾਰ ਨਹੀਂ ਦਿੱਤਾ ਗਿਆ ਜਿਸ ਦਾ ਉਹ ਹੱਕਦਾਰ ਸੀ।

1957 ਵਿਚ ਉਸ ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਲਈ ਮਿਊਰਲ ਬਣਾਉਣ ਦਾ ਸਨਮਾਨ ਮਿਲਿਆ। 140 ਫੁੱਟ ਅਤੇ 40 ਫੁੱਟ ਦਾ ਕਾਂਸੀ ਦਾ ਬਣਿਆ ਇਹ ਮਿਊਰਲ ਪੇਂਡੂ ਅਤੇ ਆਧੁਨਿਕ ਭਾਰਤ ਨੂੰ ਦਰਸਾਉਂਦਾ ਹੈ ਜੋ ਪੰਜ ਸਾਲਾਂ ਵਿਚ ਪੂਰਾ ਹੋਇਆ। 1962 ‘ਚ ਭਵਨ ਵਿਚ ਸਥਾਪਤ ਕੀਤਾ ਗਿਆ। ਭਾਰਤੀ ਆਧੁਨਿਕ ਕਲਾ ਖੇਤਰ ਅਤੇ ਕਲਾਕਾਰ ਲਈ ਇਹ ਵੱਡੀ ਪ੍ਰਾਪਤੀ ਸੀ।

ਆਧੁਨਿਕਤਾ ਦੇ ਸਮਰਥਕ ਅਮਰਨਾਥ ਸਹਿਗਲ ਦਾ ਵਿਗਿਆਨ ਲਈ ਬਣਾਇਆ ਕਾਂਸੇ ਦਾ ਮਿਊਰਲ 1979 ਵਿਚ ਇਮਾਰਤ ਦੀ ਮੁਰੰਮਤ ਦੌਰਾਨ ਉਸ ਦੀ ਸਹਿਮਤੀ ਤੋਂ ਬਿਨਾਂ ਹਟਾ ਦਿੱਤਾ ਗਿਆ। ਦੇਸ਼ ਦੀ ਵੰਡ ਤੋਂ ਬਾਅਦ ਇਹ ਉਸ ਦੀ ਕਲਾ ਉੱਤੇ ਵੱਡਾ ਹਮਲਾ ਸੀ। ਭਾਰਤ ਵਿਚ ਕਲਾਕਾਰਾਂ ਲਈ ਬੌਧਿਕ ਮਲਕੀਅਤ ਦੇ ਅਧਿਕਾਰ ਖ਼ਾਸਕਰ ਕਾਪੀਰਾਈਟ ਵਿਚ ਨੈਤਿਕ ਅਧਿਕਾਰ ਨੂੰ ਮੁੱਖ ਰੱਖ ਕੇ ਉਸ ਨੇ 1992 ਵਿਚ ਭਾਰਤ ਸਰਕਾਰ ਵਿਰੁੱਧ ਦਿੱਲੀ ਹਾਈ ਕੋਰਟ ‘ਚ ਮੁਕੱਦਮਾ ਦਾਇਰ ਕਰ ਦਿੱਤਾ। ਸਰਕਾਰ ਨਾਲ 13 ਸਾਲ ਲੰਬਾ ਕਾਨੂੰਨੀ ਕੇਸ ਲੜਿਆ। ਭਾਰਤ ਦੇ ਕਾਨੂੰਨ ਦੇ ਇਤਿਹਾਸ ਵਿਚ ਇਹ ਮੁਕੱਦਮਾ ਮੀਲ ਪੱਥਰ ਬਣ ਗਿਆ। ਪਹਿਲੀ ਵਾਰ ਭਾਰਤ ਕਾਪੀਰਾਈਟ ਕਾਨੂੰਨ ਤਹਿਤ ਕਿਸੇ ਲੇਖਕ ਜਾਂ ਕਲਾਕਾਰ ਦੇ ਨੈਤਿਕ ਅਧਿਕਾਰ ਨੂੰ ਬਰਕਰਾਰ ਰੱਖਿਆ ਗਿਆ ਅਤੇ ਸਰਕਾਰ ਨੂੰ ਇਸ ਲਈ ਹਰਜਾਨਾ ਵੀ ਦੇਣਾ ਪਿਆ। ਨਾਲ ਹੀ ਹਾਈ ਕੋਰਟ ਨੇ ਸਰਕਾਰ ਨੂੰ ਉਸ ਦੇ ਮਿਊਰਲ ਨੂੰ ਵਾਪਸ ਕਰਨ ਲਈ ਹਦਾਇਤ ਦਿੱਤੀ। ਇਹ ਗੱਲ 2005 ਦੀ ਹੈ।

ਅਮਰਨਾਥ ਸਹਿਗਲ ਕਹਿੰਦਾ ਸੀ, ”ਮੈਨੂੰ ਯਕੀਨ ਹੈ ਕਿ ਇਕ ਕਲਾਕਾਰ ਦਾ ਆਪਣੇ ਕੰਮ ‘ਤੇ ਨੈਤਿਕ ਅਧਿਕਾਰ ਹੈ, ਭਾਵੇਂ ਇਸ ਦਾ ਭੁਗਤਾਨ ਕਿਸੇ ਵਿਅਕਤੀ ਜਾਂ ਸੰਸਥਾਵਾਂ ਦੁਆਰਾ ਕੀਤਾ ਗਿਆ ਹੋਵੇ।”

ਆਖ਼ਰੀ ਵਰ੍ਹਿਆਂ ਵਿਚ ਉਹ ਆਪਣਾ ਵਧੇਰੇ ਸਮਾਂ ਆਪਣੇ ਜੰਗਪੁਰ ਐਕਟੈਂਸ਼ਨ ਸਟੂਡੀਓ ਵਿਚ ਹੀ ਗੁਜ਼ਾਰਦਾ ਸੀ। ਅੰਤ ਦਸ ਦਸੰਬਰ 2007 ਨੂੰ ਅਮਰਨਾਥ ਸਹਿਗਲ ਇਸੇ ਸਟੂਡੀਓ ਵਿਚ ਅਭੇਦ ਹੋ ਗਿਆ।

ਸਾਲ 2022 ‘ਚ ਇਸ ਸਟੂਡੀਓ ਨੂੰ ’ਸਹਿਗਲ ਮਿਊਜ਼ੀਅਮ’ ਵਿਚ ਬਦਲ ਦਿੱਤਾ ਗਿਆ ਹੈ ਜਿੱਥੇ ਹੁਣ ਵਿਦਵਾਨ, ਇਤਿਹਾਸਕਾਰ, ਕਲਾ ਸਮੀਖਿਅਰ, ਕਲਾਕਾਰ ਅਤੇ ਕਲਾ ਪ੍ਰੇਮੀ ਉਸ ਦੀ ਕਲਾ ਨਾਲ ਸੰਵਾਦ ਰਚਾ ਸਕਣਗੇ। ਪਰਿਵਾਰ ਦਾ ਇਰਾਦਾ ਉਸ ਨੂੰ ਮੂਰਤੀਮਾਨ ਕਰਨਾ ਨਹੀਂ ਹੈ। ਉਹ ਚਾਹੁੰਦੇ ਹਨ ਕਿ ਲੋਕੀਂ ਉਸ ਬਾਰੇ ਹੋਰ ਜਾਣਨ।

ਸੰਪਰਕ: 98110-52271

Advertisement