ਸੰਜੀਵ ਅਰੋੜਾ ਵੱਲੋਂ ਟਰਾਈਡੈਂਟ ਮੁਲਾਜ਼ਮਾਂ ਨਾਲ ਮੁਲਾਕਾਤ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਜੂਨ
ਲੁਧਿਆਣਾ (ਪੱਛਮੀ) ਵਿਧਾਨ ਸਭਾ ਜ਼ਿਮਨੀ ਚੋਣ ਸਬੰਧੀ ਮੁਹਿੰਮ ਦੌਰਾਨ ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਅਰੋੜਾ ਨੇ ਟਰਾਈਡੈਂਟ ਗਰੁੱਪ ਦੇ ਕੰਪਲੈਕਸ ਦਾ ਦੌਰਾ ਕੀਤਾ ਅਤੇ ਇਸਦੇ ਮੁਲਾਜ਼ਮਾਂ ਨਾਲ ਸੰਪਰਕ ਕੀਤਾ। ਮੀਟਿੰਗ ਦੌਰਾਨ ਅਰੋੜਾ ਨੇ ਕਰਮਚਾਰੀਆਂ ਨਾਲ ਇੱਕ ਇੰਟਰਐਕਟਿਵ ਚਰਚਾ ਕੀਤੀ, ਜਿਸ ਵਿੱਚ ਲੁਧਿਆਣਾ ਦੇ ਸ਼ਹਿਰੀ ਦ੍ਰਿਸ਼ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਸ ਵਿੱਚ ਬੁਨਿਆਦੀ ਢਾਂਚਾ ਵਿਕਾਸ, ਨਾਗਰਿਕ ਸਹੂਲਤਾਂ, ਵਾਤਾਵਰਨ ਸਬੰਧੀ ਚਿੰਤਾਵਾਂ ਅਤੇ ਰੁਜ਼ਗਾਰ ਦੇ ਮੌਕੇ ਸ਼ਾਮਲ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਲੋਕਾਂ ਦੀ ਆਵਾਜ਼ ਨੂੰ ਰਾਜ ਵਿਧਾਨ ਸਭਾ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਜਾਵੇਗਾ।
ਅਰੋੜਾ ਨੇ ਜ਼ਿਮਨੀ ਚੋਣ ਵਿੱਚ ਵੋਟ ਪਾ ਕੇ ਲੋਕਤੰਤਰੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਦੇ ਵਿਕਾਸ ਨੂੰ ਤੇਜ਼ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ, ‘‘ਮੈਂ ਸਾਫ਼-ਸੁਥਰੀ ਰਾਜਨੀਤੀ, ਸ਼ਾਸਨ ਵਿੱਚ ਪਾਰਦਰਸ਼ਤਾ ਅਤੇ ਲੋਕ ਭਲਾਈ ਪਹਿਲਕਦਮੀਆਂ ਨੂੰ ਤੁਰੰਤ ਲਾਗੂ ਕਰਨ ਦਾ ਸਮਰਥਕ ਹਾਂ। ਤੁਹਾਡੇ ਸਮਰਥਨ ਨਾਲ ਲੁਧਿਆਣਾ (ਪੱਛਮੀ) ਤਰੱਕੀ ਦਾ ਇੱਕ ਮਾਡਲ ਬਣ ਸਕਦਾ ਹੈ।’’
ਇਸ ਮੌਕੇ ’ਤੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮ ਸ੍ਰੀ ਰਾਜਿੰਦਰ ਗੁਪਤਾ ਵੀ ਮੌਜੂਦ ਸਨ। ਉਨ੍ਹਾਂ ਦੀ ਮੌਜੂਦਗੀ ਨੇ ਮੀਟਿੰਗ ਦੀ ਮਹੱਤਤਾ ਵਧਾ ਦਿੱਤੀ। ਗੁਪਤਾ ਨੇ ਉਦਯੋਗਿਕ ਕਰਮਚਾਰੀਆਂ ਤੱਕ ਪਹੁੰਚਣ ਲਈ ਅਰੋੜਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਰਚਨਾਤਮਕ ਗੱਲਬਾਤ ਦਾ ਸਵਾਗਤ ਕੀਤਾ। ਉਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਵਿੱਚ ਸ਼ਹਿਰ ਭਰ ਵਿੱਚ ਅਰੋੜਾ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੀ ਵੀ ਸ਼ਲਾਘਾ ਕੀਤੀ। ਮੀਟਿੰਗ ਨੇ ਅਰੋੜਾ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਦਿੱਤਾ।