ਸੰਘਰਸ਼ ਕਮੇਟੀ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਿਆਂ ਦਾ ਐਲਾਨ
ਲਹਿਰਾਗਾਗਾ, 30 ਮਈ
ਲਹਿਰਾਗਾਗਾ ਬਲਾਕ ਦੀ ਨਿਰਭੈ ਸਿੰਘ ਖਾਈ ਇਨਸਾਫ਼ ਸੰਘਰਸ਼ ਕਮੇਟੀ ਦੀ ਮੀਟਿੰਗ ਗੁਰਦੁਆਰਾ ਧੰਨਾ ਭਗਤ ਵਿੱਚ ਹੋਈ। ਮੀਟਿੰਗ ਵਿੱਚ ਅਧਿਆਪਕ ਤੇ ਕਿਸਾਨ ਆਗੂ ਨਿਰਭੈ ਸਿੰਘ ’ਤੇ ਕੀਤੇ ਗਏ ਹਮਲੇ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ’ਤੇ ਆਗੂਆਂ ਵੱਲੋਂ ਸਰਕਾਰ ਦੀ ਨਿਖੇਧੀ ਕੀਤੀ ਗਈ। ਇਸ ਦੌਰਾਨ ਸੰਘਰਸ਼ ਕਮੇਟੀ ਵੱਲੋਂ 3 ਜੂਨ ਨੂੰ ਖਾਈ ਤੇ ਲਹਿਲ ਖੁਰਦ, 4 ਜੂਨ ਨੂੰ ਘੋੜੇਨਬ ਤੇ ਭਾਈ ਕੀ ਪਿਸ਼ੌਰ ਅਤੇ 5 ਜੂਨ ਨੂੰ ਚੋਟੀਆਂ, ਆਲਮਪੁਰ ਤੇ ਅਲੀਸ਼ੇਰ ਵਿੱਚ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਭੂ-ਮਾਫੀਆ ਨੂੰ ਸ਼ਹਿ ਦੇ ਰਹੀ ਹੈ ਜਿਸ ਕਰਕੇ ਮੁਲਜ਼ਮ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤੇ। ਇਸ ਮੌਕੇ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਮਾਸਟਰ ਮੇਘਰਾਜ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਗੋਂਵਾਲ, ਜਮਹੂਰੀ ਅਧਿਕਾਰ ਸਭਾ ਦੇ ਜਗਜੀਤ ਭੁਟਾਲ, ਕਿਰਤੀ ਦਲ ਦੇ ਬੱਬੀ ਲਹਿਰਾ, ਬੀਕੇਯੂ ਆਜ਼ਾਦ ਦੇ ਮੱਖਣ ਪਾਪੜਾ, ਕਿਸਾਨ ਵਿਕਾਸ ਫਰੰਟ ਦੇ ਮਹਿੰਦਰ ਸਿੰਘ, ਬੀਕੇਯੂ ਉਗਰਾਹਾਂ ਦੇ ਗੁਰਦੇਵ ਸਿੰਘ, ਨੰਬਰਦਾਰ ਯੂਨੀਅਨ ਦੇ ਗੁਰਨਾਮ ਸਿੰਘ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜੰਟਾ ਸਿੰਘ, ਲੋਕ ਚੇਤਨਾ ਮੰਚ ਦੇ ਗੁਰਚਰਨ ਸਿੰਘ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੋਨੂੰ ਲਹਿਰਾ ਆਦਿ ਹਾਜ਼ਰ ਸਨ।