ਸੰਘਣੀ ਧੁੰਦ ਕਾਰਨ ਹਾਦਸਿਆਂ ’ਚ ਦੋ ਹਲਾਕ, ਦੋ ਗੰਭੀਰ ਜ਼ਖ਼ਮੀ
ਹਰਮੇਸ਼ ਪਾਲ ਨੀਲੇਵਾਲਾ
ਜ਼ੀਰਾ, 4 ਜਨਵਰੀ
ਪਿੰਡ ਮਰਖਾਈ ਨਜ਼ਦੀਕ ਸੰਘਣੀ ਧੁੰਦ ਕਾਰਨ ਇਨੋਵਾ ਗੱਡੀ ਅਤੇ ਟਰਾਲੇ ਦੀ ਟੱਕਰ ਦੌਰਾਨ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਦੇ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ (40) ਪੁੱਤਰ ਸੁਖਦੇਵ ਸਿੰਘ ਪਿੰਡ ਚਹਿਲਾਂ ਜ਼ਿਲ੍ਹਾ ਫਰੀਦਕੋਟ ਆਪਣੇ ਦੋਸਤ ਸੁਖਦੀਪ ਸਿੰਘ ਉਰਫ ਦੇਵ (36) ਨਾਲ ਇਨੋਵਾ ਗੱਡੀ ’ਚ ਪਿੰਡ ਰੱਤਾ ਖੇੜਾ ਵਿੱਚ ਰਿਸ਼ਤੇਦਾਰੀ ਵਿੱਚ ਭੋਗ ’ਤੇ ਗਏ ਸਨ। ਉਪਰੰਤ ਗੁਰਪ੍ਰੀਤ ਸਿੰਘ ਆਪਣੇ ਦੋਸਤ ਨੂੰ ਪਿੰਡ ਚਮੇਲੀ ਜ਼ੀਰਾ ਵਿੱਚ ਛੱਡਣ ਲਈ ਆ ਰਿਹਾ ਸੀ ਤਾਂ ਪਿੰਡ ਮਰਖਾਈ ਨਜ਼ਦੀਕ ਤੇਜ਼ ਰਫ਼ਤਾਰ ਟਰਾਲੇ ਨੇ ਉਨ੍ਹਾਂ ਦੀ ਇਨੋਵਾ ਗੱਡੀ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਗੁਰਪ੍ਰੀਤ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਤੇ ਸੁਖਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਜ਼ੀਰਾ ਵਿੱਚ ਮੁੱਢਲੀ ਸਹਾਇਤਾ ਦੇਣ ਉਪਰੰਤ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਮੇਜਰ ਸਿੰਘ ਥਾਣਾ ਖੋਸਾ ਦਲ ਸਿੰਘ ਨੇ ਕਿਹਾ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਬੱਲੂਆਣਾ (ਰਾਜਿੰਦਰ ਕੁਮਾਰ): ਬੱਲੂਆਣਾ ਹਲਕੇ ’ਚ ਧੁੰਦ ਕਾਰਨ ਇੱਕ ਵਿਅਕਤੀ ਨੂੰ ਅਣਪਛਾਤੇ ਵਾਹਨ ਨੇ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਬੱਲੂਆਣਾ ਹਲਕੇ ਦੇ ਪਿੰਡ ਰਾਜਪੁਰਾ ਦੀ ਹੈ, ਜਿੱਥੇ ਸੰਘਣੀ ਧੁੰਦ ਕਾਰਨ ਇੱਕ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਮੁਤਾਬਕ ਬਠਿੰਡਾ ਵਾਸੀ ਕੇਵਲ ਦਾਸ (40) ਗਲੀਆਂ ’ਚ ਫੇਰੀ ਲਗਾ ਕੇ ਕੋਟ ਪੈਂਟਾਂ ਦੀ ਜ਼ਿੱਪ ਲਗਾਉਣ ਦਾ ਕੰਮ ਕਰਦਾ ਸੀ। ਅੱਜ ਸਵੇਰੇ ਉਹ ਪਿੰਡ ਬਹਾਵਾਲਾ ਤੋਂ ਰਾਜਪੁਰਾ ਵੱਲ ਪੈਦਲ ਜਾ ਰਿਹਾ ਸੀ ਕਿ ਅਚਾਨਕ ਇੱਕ ਤੇਜ਼ ਰਫ਼ਤਾਰ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਸੇਵਾਦਾਰ ਬਿੱਟੂ ਨਰੂਲਾ ਅਤੇ ਸੋਨੂ ਗਰੋਵਰ ਤੁਰੰਤ ਮੌਕੇ ’ਤੇ ਪੁੱਜੇ ਅਤੇ ਪੁਲੀਸ ਨੂੰ ਸੂਚਨਾ ਦਿੱਤੀ। ਏਐੱਸਆਈ ਸੁਭਾਸ਼ ਕੰਬੋਜ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ’ਚ ਰਖਵਾਇਆ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।