ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ
ਗੁਰਨਾਮ ਸਿੰਘ ਚੌਹਾਨਪਾਤੜਾਂ, 11 ਜਨਵਰੀ
ਸੰਘਣੀ ਧੁੰਦ ਦੇ ਕਾਰਨ ਪੂਰਾ ਦਿਨ ਸੂਰਜ ਨਹੀਂ ਨਿਕਲਿਆ ਸੜਕਾਂ ’ਤੇ ਪੱਸਰੀ ਰਹੀ। ਇਥੋਂ ਤੱਕ ਕਿ ਜ਼ੀਰੋ ਵਿਜ਼ੀਬਿਲਟੀ ਹੋਣ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਖੇਤੀ ਮਾਹਿਰਾਂ ਅਨੁਸਾਰ ਇਹ ਧੁੰਦ ਅਤੇ ਠੰਢ ਕਣਕ ਦੀ ਫ਼ਸਲ ਦੀ ਲਾਹੇਵੰਦ ਹੈ ਪਰ ਦੂਜੇ ਪਾਸੇ ਡਾਕਟਰਾਂ ਅਨੁਸਾਰ ਠੰਢ ਅਤੇ ਧੁੰਦ ਬਜ਼ੁਰਗਾਂ ਅਤੇ ਬੱਚਿਆਂ ਲਈ ਨੁਕਸਾਨਦੇਹ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਨੂੰ ਸਰਦੀ ਲੱਗਣ ਦੀ ਸੰਭਾਵਨਾ ਹੈ। ਇਸ ਕਰਕੇ ਸਵੇਰੇ ਅਤੇ ਦੇਰ ਸ਼ਾਮ ਦੇ ਸਮੇਂ ਜ਼ਿਆਦਾ ਠੰਢ ਅਤੇ ਧੁੰਦ ’ਚ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਪ੍ਰਾਇਮਰੀ ਹੈਲਥ ਸੈਂਟਰ ਪਾਤੜਾਂ ਦੇ ਐੱਸਐੱਮਓ ਸਤੀਸ਼ ਕੁਮਾਰ ਨੇ ਕਿਹਾ ਹੈ ਕਿ ਛੋਟੇ ਬੱਚਿਆਂ ਨੂੰ ਇਸ ਮੌਸਮ ਵਿੱਚ ਨਿਮੋਨੀਆ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ ਅਤੇ ਠੰਢ ਲੱਗਣ ਨਾਲ ਛੋਟੇ ਬੱਚਿਆਂ ਨੂੰ ਉਲਟੀਆਂ ਵੀ ਲੱਗ ਸਕਦੀਆਂ ਹਨ। ਇਸ ਲਈ ਬੱਚਿਆਂ ਦੀ ਸੰਭਾਲ ਵੱਲ ਖਾਸ ਧਿਆਨ ਦਿੱਤਾ ਜਾਵੇ। ਸਰਦੀ ਦੇ ਮੌਸਮ ਵਿੱਚ ਠੰਢ ਤੋਂ ਬਚਣ ਲਈ ਲੋਕ ਅਕਸਰ ਬੰਦ ਕਮਰੇ ਵਿੱਚ ਅੰਗੀਠੀ ਬਾਲਦੇ ਹਨ ਮਾਹਿਰਾਂ ਨੇ ਅਜਿਹਾ ਕਰਨ ਤੋਂ ਸਖ਼ਤ ਮਨਾਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬੰਦ ਕਮਰੇ ਵਿੱਚ ਅੰਗੀਠੀ ਬਾਲਣਾ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਗਿਆ ਹੈ ਕਿ ਸਰਦੀ ਦੇ ਮੌਸਮ ਵਿੱਚ ਗਰਮ ਕੱਪੜੇ ਪਹਿਨਣੇ ਜ਼ਰੂਰੀ ਹਨ। ਕੱਪੜੇ ਦੋ ਜਾਂ ਤਿੰਨ ਪਰਤਾਂ ਵਿੱਚ ਪਾਏ ਜਾਣ ਤਾਂ ਜੋ ਸਰੀਰ ਦਾ ਤਾਪਮਾਨ ਕਾਇਮ ਰਹੇ। ਖੁਰਾਕ ਵਿੱਚ ਗਰਮ ਚੀਜ਼ਾਂ ਜਿਵੇਂ ਸੂਪ, ਚਾਹ, ਕਾਫੀ ਅਤੇ ਸੰਤੁਲਿਤ ਖੁਰਾਕ ਦਾ ਸੇਵਨ ਕਰਨਾ ਵੀ ਜ਼ਰੂਰੀ ਹੈ।