ਸੰਘਣੀ ਆਬਾਦੀ ਵਾਲੇ ਖੇਤਰ ’ਚ ਮੋਬਾਈਲ ਟਾਵਰ ਲਾਉਣ ਦਾ ਵਿਰੋਧ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 2 ਜਨਵਰੀ
ਇੱਥੇ ਸ਼ਹਿਰ ਦੀ ਬਲਿਆਲ ਰੋਡ ’ਤੇ ਸੰਘਣੀ ਆਬਾਦੀ ਵਾਲੇ ਖੇਤਰ ’ਚ ਇਕ ਨਿੱਜੀ ਕੰਪਨੀ ਵੱਲੋਂ ਲਗਾਏ ਜਾ ਰਹੇ ਮੋਬਾਈਲ ਟਾਵਰ ਦੇ ਵਿਰੋਧ ਵਿੱਚ ਅੱਜ ਕਈ ਮੁਹੱਲਿਆਂ ਦੇ ਲੋਕਾਂ ਵੱਲੋਂ ਰੋਸ਼ ਪ੍ਰਦਰਸ਼ਨ ਕਰਦਿਆਂ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਅਵਤਾਰ ਸਿੰਘ ਤਾਰੀ, ਗੁਰਪ੍ਰੀਤ ਸਿੰਘ ਬਾਬਾ, ਮਲਕੀਤ ਸਿੰਘ ਗੰਡਾਸਾ, ਹਰਦੀਪ ਸਿੰਘ, ਸਤਨਾਮ ਸਿੰਘ ਲੋਟੇ, ਜੋਗਿੰਦਰ ਸਿੰਘ ਸੈਕਟਰੀ, ਸੁਰਜਨ ਸਿੰਘ, ਜੋਨੀ ਗਰਗ, ਕਰਮਜੀਤ ਸਿੰਘ, ਅਮਰਜੀਤ ਸਿੰਘ, ਮਿੱਠਾ ਸਿੰਘ, ਗੁਰਪਿਆਰ ਸਿੰਘ ਅਤੇ ਜਤਿੰਦਰ ਸਿੰਘ ਗੋਗੀ ਸਮੇਤ ਵੱਡੀ ਗਿਣਤੀ ’ਚ ਇਕੱਠੇ ਹੋਏ। ਆਦਰਸ਼ ਨਗਰ, ਪ੍ਰੀਤ ਨਗਰ, ਤੂਰ ਕਲੋਨੀ ਅਤੇ ਗੁਰੂਨਾਨਕ ਨਗਰ ਦੇ ਨਿਵਾਸੀਆਂ ਨੇ ਦੱਸਿਆ ਕਿ ਇਕ ਨਿੱਜੀ ਕੰਪਨੀ ਵੱਲੋਂ ਬਲਿਆਲ ਰੋਡ ’ਤੇ ਐਫਸੀਆਈ ਦੇ ਗੁਦਾਮਾਂ ਨੇੜੇ ਸ਼ਹਿਰ ਦੇ ਇਸ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ 5ਜੀ ਮੋਬਾਈਲ ਟਾਵਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਾਵਰ ਲੱਗਣ ਕਾਰਨ ਇਲਾਕੇ ਵਿੱਚ ਕੈਂਸਰ ਤੇ ਹੋਰ ਕਈ ਤਰ੍ਹਾਂ ਬਿਮਾਰੀਆਂ ਫੈਲਣ ਦਾ ਖ਼ਤਰਾ ਖੜ੍ਹਾ ਹੋ ਸਕਦਾ ਹੈ। ਇਸ ਲਈ ਉਹ ਕਿਸੇ ਵੀ ਹਾਲਤ ’ਚ ਇਹ ਟਾਵਰ ਨਹੀਂ ਲੱਗਣ ਦੇਣਗੇ। ਉਨ੍ਹਾਂ ਦੱਸਿਆ ਕਿ ਸਾਰੇ ਮੁਹੱਲਿਆਂ ਦੇ ਵਾਸੀਆਂ ਵੱਲੋਂ ਇਸ ਟਾਵਰ ਨੂੰ ਲੱਗਣ ਤੋਂ ਰੋਕਣ ਲਈ ਡੀਸੀ ਸੰਗਰੂਰ, ਐੱਸਡੀਐੱਮ ਭਵਾਨੀਗੜ੍ਹ ਤੇ ਕਾਰਜਸਾਧਕ ਅਫ਼ਸਰ ਨੂੰ ਮੰਗ ਪੱਤਰ ਦਿੱਤੇ ਗਏ ਹਨ ਪਰ ਉਕਤ ਅਧਿਕਾਰੀਆਂ ਵੱਲੋਂ ਲੋਕਾਂ ਦੀ ਆਵਾਜ਼ ਸੁਣਨ ਦੀ ਥਾਂ ਉਲਟਾ ਟਾਵਰ ਕੰਪਨੀ ਦੀ ਵਕਾਲਤ ਕੀਤੀ ਜਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਟਾਵਰ ਨੂੰ ਇੱਥੇ ਲੱਗਣ ਤੋਂ ਤੁਰੰਤ ਨਾ ਰੋਕਿਆ ਗਿਆ ਤਾਂ ਉਨ੍ਹਾਂ ਵੱਲੋਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੌਰਾਨ ਐੱਸਡੀਐੱਮ ਭਵਾਨੀਗੜ੍ਹ ਰਵਿੰਦਰ ਬਾਂਸਲ ਨੇ ਸਪਸ਼ਟ ਕੀਤਾ ਕਿ ਪਹਿਲਾਂ ਲੱਗੇ 4ਜੀ ਟਾਵਰਾਂ ਨਾਲ ਕੈਂਸਰ ਦੀ ਬਿਮਾਰੀ ਫੈਲਣ ਦਾ ਡਰ ਹੁੰਦਾ ਸੀ, ਪਰ ਹੁਣ ਨਵੇਂ ਲਗਾਏ ਜਾ ਰਹੇ 5ਜੀ ਟਾਵਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਕਿਹਾ ਜੇਕਰ ਮੁਹੱਲਾ ਵਾਸੀ ਇਸ ਦਾ ਵਿਰੋਧ ਕਰਦੇ ਹਨ ਤਾਂ ਉਹ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਕੇ ਅਗਲੀ ਕਾਰਵਾਈ ਕਰਨਗੇ।