ਸੰਗਰੂਰ ਵਿੱਚ ਕੰਪਿਊਟਰ ਅਧਿਆਪਕਾਂ ਦਾ ਮਰਨ ਵਰਤ ਜਾਰੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਜਨਵਰੀ
ਕੰਪਿਊਟਰ ਅਧਿਆਪਕਾਂ ਦਾ ਮਰਨ ਵਰਤ ਅੱਜ 15ਵੇਂ ਦਿਨ ਵੀ ਜਾਰੀ ਰਿਹਾ। ਕੰਪਿਊਟਰ ਅਧਿਆਪਕ ਜੌਨੀ ਸਿੰਗਲਾ ਨੂੰ ਚੁੱਕ ਕੇ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਾਉਣ ਤੋਂ ਬਾਅਦ ਉਸ ਦੀ ਜਗ੍ਹਾ ਬੈਠੇ ਕੰਪਿਊਟਰ ਅਧਿਆਪਕ ਰਣਜੀਤ ਸਿੰਘ ਦਾ ਮਰਨ ਵਰਤ ਤੀਜੇ ਦਿਨ ’ਚ ਦਾਖਲ ਹੋ ਗਿਆ ਹੈ। ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦਾ ਦਾਅਵਾ ਹੈ ਕਿ ਭਾਵੇਂ ਜੌਨੀ ਸਿੰਗਲਾ ਨੂੰ ਦਿਲ ਦੇ ਦੌਰੇ ਦੀ ਸ਼ਿਕਾਇਤ ਆਈ ਸੀ ਪਰ ਉਸ ਦੇ ਹੌਂਸਲੇ ਬੁਲੰਦ ਹਨ ਅਤੇ ਉਸ ਦਾ ਮਰਨ ਵਰਤ 15ਵੇਂ ਦਿਨ ਵੀ ਜਾਰੀ ਰਿਹਾ। ਕੰਪਿਊਟਰ ਅਧਿਆਪਕ ਅੱਜ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮਰਨ ਵਰਤ ਮੋਰਚੇ ਵਿਚ ਪੁੱਜੇ ਅਤੇ ਰੋਸ ਧਰਨਾ ਦਿੰਦਿਆਂ ਸਰਕਾਰ ਦੀ ਬੇਰੁਖ਼ੀ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂ ਪਰਮਵੀਰ ਸਿੰਘ, ਲਖਵਿੰਦਰ ਸਿੰਘ ਅਤੇ ਨਰਦੀਪ ਸ਼ਰਮਾ ਨੇ ਕਿਹਾ ਕਿ ਪਿਛਲੇ 127 ਦਿਨਾਂ ਤੋਂ ਕੰਪਿਊਟਰ ਅਧਿਆਪਕਾਂ ਦੀ ਲੜੀਵਾਰ ਭੁੱਖ ਹੜਤਾਲ ਜਦੋਂ ਕਿ 15 ਦਿਨਾਂ ਤੋਂ ਮਰਨ ਵਰਤ ਜਾਰੀ ਹੈ। ਉਨ੍ਹਾਂ ਦੱਸਿਆ ਕਿ ਭਾਵੇਂ 12ਵੇਂ ਦਿਨ ਕੰਪਿਊਟਰ ਅਧਿਆਪਕ ਜੌਨੀ ਸਿੰਗਲਾ ਨੂੰ ਪੁਲੀਸ ਵਲੋਂ ਜਬਰੀ ਚੁੱਕ ਕੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾ ਦਿੱਤਾ ਸੀ ਪਰ ਉਥੇ ਵੀ ਜੌਨੀ ਸਿੰਗਲਾ ਦਾ ਮਰਨ ਵਰਤ ਜਾਰੀ ਹੈ। ਜੌਨੀ ਸਿੰਗਲਾ ਦੀ ਥਾਂ ਰਣਜੀਤ ਸਿੰਘ ਪਟਿਆਲਾ ਦਾ ਮਰਨ ਵਰਤ ਵੀ ਤੀਜੇ ਦਿਨ ਦਾਖਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਪਤਾ ਲੱਗਾ ਸੀ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆਪਣੇ ਹਲਕਾ ਦਿੜ੍ਹਬਾ ’ਚ ਪੁੱਜੇ ਹਨ ਜਿਨ੍ਹਾਂ ਨੂੰ ਮਿਲਣ ਵਾਸਤੇ ਇੱਕ ਵਫ਼ਦ ਦਿੜ੍ਹਬਾ ਗਿਆ ਸੀ ਪਰ ਉਹ ਪਹਿਲਾਂ ਹੀ ਚਲੇ ਗਏ। ਉਨ੍ਹਾਂ ਕਿਹਾ ਕਿ ਕੰਪਿਊਟਰ ਅਧਿਆਪਕਾਂ ਨੂੰ ਸੇਵਾਵਾਂ ਨਿਭਾਉਂਦਿਆਂ 15/20 ਸਾਲ ਬੀਤ ਚੁੱਕੇ ਹਨ ਅਤੇ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ ਕਿਸੇ ਵੀ ਸਰਕਾਰ ਨੇ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਤੋਂ ਵੱਡੀਆਂ ਉਮੀਦਾਂ ਸਨ ਕਿਉਂਕਿ ਇਹ ਸਰਕਾਰ ਬਦਲਾਅ ਦਾ ਨਾਅਰਾ ਦੇ ਕੇ ਸੱਤਾ ’ਚ ਆਈ ਸੀ ਪਰ ਬਦਲਾਅ ਕਿਤੇ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ 7 ਜਨਵਰੀ ਨੂੰ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਹੋਣੀ ਹੈ। ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।