ਸੜਕ ਹਾਦਸੇ ’ਚ ਬੱਚੇ ਦੀ ਮੌਤ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਜੂਨ
ਵੱਖ ਵੱਖ ਸੜਕ ਹਾਦਸਿਆਂ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਹਾਦਸੇ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਉਸ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਪੀਏਯੂ ਦੇ ਇਲਾਕੇ ਹੰਬੜਾ ਰੋਡ ਸਥਿਤ ਡੇਅਰੀ ਕੰਪਲੈਕਸ ਨੇੜੇ ਇੱਕ ਟੈਂਕਰ ਦੀ ਲਪੇਟ ਵਿੱਚ ਆ ਕੇ ਇੱਕ ਬੱਚੇ ਦੀ ਮੌਤ ਹੋ ਗਈ। ਡੇਅਰੀ ਕੰਪਲੈਕਸ ਏ ਬਲਾਕ ਝੁੱਗੀਆਂ ਵਾਸੀ ਰਣਜੀਤਾ ਦੇਵੀ ਆਪਣੇ ਲੜਕੇ ਵਿਵੇਕ (12 ਸਾਲ) ਨਾਲ ਦੁੱਧ ਲੈਣ ਲਈ ਡੇਅਰੀ ਕੰਪਲੈਕਸ ਜਾ ਰਹੀ ਸੀ। ਇਸ ਦੌਰਾਨ ਵਿਵੇਕ ਸੜਕ ਪਾਰ ਕਰਨ ਲੱਗਾ ਤਾਂ ਹੰਬੜਾ ਰੋਡ ਮਲਕਪੁਰ ਪ੍ਰਤਾਪ ਸਿੰਘ ਵਾਲਾ ਵੱਲੋਂ ਇੱਕ ਕੈਂਟਰ ਟਰੱਕ 207 ਦੇ ਚਾਲਕ ਬੀਰ ਪ੍ਰਕਾਸ਼ ਨੇ ਆਪਣਾ ਕੈਂਟਰ ਅਣਗਹਿਲੀ ਅਤੇ ਤੇਜ਼ ਰਫ਼ਤਾਰੀ ਨਾਲ ਚਲਾ ਕੇ ਲੜਕੇ ਨੂੰ ਫੇਟ ਮਾਰੀ ਦਿੱਤੀ। ਉਹ ਆਪਣਾ ਕੈਂਟਰ ਛੱਡ ਕੇ ਫ਼ਰਾਰ ਹੋ ਗਿਆ। ਵਿਵੇਕ ਨੂੰ ਡੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਥਾਣੇਦਾਰ ਕੰਵਲਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੈਂਟਰ ਡਰਾਈਵਰ ਬੀਰ ਪ੍ਰਕਾਸ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਇਸੇ ਤਰ੍ਹਾਂ ਡਵੀਜ਼ਨ ਨੰਬਰ 6 ਦੇ ਇਲਾਕੇ ਸਾਹਮਣੇ ਓਸਵਾਲ ਹਸਪਤਾਲ ਦਿੱਲੀ ਹਾਈਵੇਅ ਰੋਡ ’ਤੇ ਮੋਟਰਸਾਈਕਲ ਵਿੱਚ ਫਾਰਚੂਨਰ ਗੱਡੀ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ। ਉਸ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜ਼ਖ਼ਮੀ ਦੀ ਪਛਾਣ ਗੁਰਜੀਤ ਸਿੰਘ ਵਾਸੀ ਸਿਲਵਰ ਐਨਕਲੇਵ ਸੈਕਟਰ 125 ਖਰੜ ਵਜੋਂ ਹੋਈ ਹੈ।