ਸੜਕ ਹਾਦਸਿਆਂ ਵਿੱਚ ਤਿੰਨ ਨੌਜਵਾਨ ਹਲਾਕ
ਪੱਤਰ ਪ੍ਰੇਰਕ
ਬਠਿੰਡਾ, 8 ਮਈ
ਬੀਤੀ ਰਾਤ ਬਠਿੰਡਾ ਦੇ ਸੰਤਪੁਰਾ ਰੋਡ ਤੇ ਓਵਰਬਰਿਜ ਨੇੜੇ ਤੇਜ਼ ਰਫਤਾਰ ਆਟੋ ਅਤੇ ਮੋਟਰਸਾਈਕਲ ਦੀ ਆਹਮੋ ਸਾਹਮਣੇ ਹੋਈ ਟੱਕਰ ਵਿੱਚ ਦੋ ਵਿਅਕਤੀ ਦੀ ਮੌਤ ਹੋ ਗਈ ਅਤੇ ਆਟੋ ਵਿੱਚ ਬੈਠੀਆਂ ਸਵਾਰੀਆਂ ਜ਼ਖਮੀ ਹੋ ਗਈਆਂ । ਟੱਕਰ ਦੌਰਾਨ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਤੇ ਆਟੋ ਕਈ ਪਲਟੀਆਂ ਖਾਂਦਾ ਹੋਇਆ ਰੇਲਵੇ ਲਾਈਨ ਨੇੜੇ ਜਾ ਡਿੱਗਾ। ਮੌਕੇ ‘ਤੇ ਪੁੱਜੇ ਨੌਜਵਾਨ ਵੈਲਅਫੇਅਰ ਸੁਸਾਇਟੀ ਦੇ ਵਰਕਰਾਂ ਵੱਲੋਂ ਜ਼ਖ਼ਮੀ ਹੋਏ ਲੋਕਾਂ ਨੂੰ ਅੰਬੂਲੈਂਸ ਰਾਹੀਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ ਦੇ ਡਾਕਟਰੀ ਟੀਮ ਨੇ ਮੋਟਰਸਾਇਕਲ ਸਵਾਰਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ।
ਮ੍ਰਿਤਕਾਂ ਦੀ ਪਛਾਣ ਰਣਜੀਤ ਕੁਮਾਰ (24) ਪੁੱਤਰ ਬੰਟੀ ਸਿੰਘ ਵਾਸੀ ਜਨਤਾ ਨਗਰ ਅਤੇ ਅਨਿਲ ਕੁਮਾਰ (26) ਪੁੱਤਰ ਵੀਰ ਸਿੰਘ ਵਾਸੀ ਜਨਤਾ ਨਗਰ ਬਠਿੰਡਾ ਵਜੋਂ ਹੋਈ ਹੈ। ਜ਼ਖਮੀਆਂ ਵਿੱਚ ਅਭਿਸ਼ੇਕ ਕੁਮਾਰ ਅਤੇ ਐੱਸਕੇ ਸ਼ੰਕਰ ਵਾਸੀ ਐੱਨਐੱਫਐਲ ਟਾਊਨਸ਼ਿਪ ਵਜੋਂ ਹੋਈ, ਜੋ ਦੋਨੋਂ ਪਿਓ ਪੁੱਤ ਸਨ । ਜੋ ਰਾਤ ਦੀ ਟਰੇਨ ਰਾਹੀਂ ਦਿੱਲੀ ਤੋਂ ਪਰਤੇ ਸਨ।
ਟਰੈਕਟਰ ਟਰਾਲੀ ਤੇ ਮੋਟਰਸਾਈਕਲ ਦੀ ਟੱਕਰ, ਇੱਕ ਹਲਾਕ
ਬੁਢਲਾਡਾ (ਨਿੱਜੀ ਪੱਤਰ ਪ੍ਰੇਰਕ): ਨੇੜਲੇ ਪਿੰਡ ਬੱਛੋਆਣਾ ਵਿੱਚ ਨਿੱਜੀ ਪੈਲੇਸ ਨੇੜੇ ਟਰੈਕਟਰ ਟਰਾਲੀ ਦੀ ਮੋਟਰਸਾਈਕਲ ਨਾਲ ਸਿੱਧੀ ਟੱਕਰ ਹੋ ਗਈ। ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਜ਼ਖ਼ਮੀ ਹੋ ਗਿਆ। ਪਿੰਡ ਡਸਕਾ ਵਾਸੀ ਨਰਿੰਦਰ ਸਿੰਘ ਅਤੇ ਉਸ ਦਾ ਸਾਥੀ ਜਸਕੀਰਤ ਸਿੰਘ ਮੋਟਰਸਾਈਕਲ ‘ਤੇ ਬੁਢਲਾਡਾ ਨੂੰ ਆ ਰਹੇ ਸਨ ਕਿ ਅਚਾਨਕ ਬੱਛੋਆਣਾ ਨੇੜੇ ਨਿੱਜੀ ਪੈਲੇਸ ਨੇੜੇ ਭਰਤ ਪਾ ਰਹੀ ਟਰੈਕਟਰ ਟਰਾਲੀ ਸੜਕ ‘ਤੇ ਆ ਚੜ੍ਹੀ। ਇਸ ਕਾਰਨ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਦੀ ਸਿੱਧੀ ਟੱਕਰ ਹੋ ਗਈ। ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਜ਼ਖਮੀ ਹੋ ਗਏ। ਜਿੱਥੇ ਨਰਿੰਦਰ ਸਿੰਘ (17) ਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ ਅਤੇ ਜਸਕੀਰਤ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਦੇਖਦਿਆਂ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਐਡੀਸ਼ਨਲ ਐੱਸਐੱਚਓ ਮੇਲਾ ਸਿੰਘ ਨੇ ਘਟਨਾ ਦਾ ਮੌਕੇ ‘ਤੇ ਜਾਇਜਾਂ ਲੈਂਦਿਆ ਕਾਰਵਾਈ ਅਮਲ ਵਿੱਚ ਲਿਆਂਦੀ।
ਕਾਰ-ਟਰੱਕ ਦੀ ਟੱਕਰ, ਤਿੰਨ ਜ਼ਖ਼ਮੀ
ਏਲਨਾਬਾਦ (ਪੱਤਰ ਪ੍ਰੇਰਕ): ਸ਼ਹਿਰ ਦੀ ਸਿਰਸਾ ਰੋਡ ‘ਤੇ ਸੁਰੇਰਾ ਬੱਸ ਸਟੈਂਡ ਨੇੜੇ ਹੋਏ ਸੜਕ ਹਾਦਸੇ ਵਿੱਚ ਤਿੰਨ ਜਣੇ ਜ਼ਖ਼ਮੀ ਹੋ ਗਏ। ਨਵੀਨ ਕੁਮਾਰ, ਸਿਲੋਚਨਾ ਪਤਨੀ ਨਵੀਨ ਕੁਮਾਰ ਅਤੇ ਗੋਬਿੰਦ ਪੁੱਤਰ ਨਵੀਨ ਕੁਮਾਰ ਵਾਸੀ ਗੰਗਵਾ (ਹਿਸਾਰ) ਆਪਣੀ ਕਾਰ ਵਿੱਚ ਸਵਾਰ ਹੋ ਕੇ ਏਲਨਾਬਾਦ ਆ ਰਹੇ ਸਨ। ਸੁਰੇਰਾ ਬੱਸ ਸਟੈਂਡ ਨੇੜੇ ਓਵਰਟੇਕ ਕਰਦਿਆਂ ਉਨ੍ਹਾਂ ਦੀ ਕਾਰ ਟਰੱਕ ਨਾਲ ਜਾ ਟਕਰਾਈ। ਟਰੱਕ ਪਦਮਪੁਰ ਤੋਂ ਕੈਥਲ ਜਾ ਰਿਹਾ ਸੀ। ਹਾਦਸੇ ਦੌਰਾਨ ਤਿੰਨੇ ਜ਼ਖ਼ਮੀ ਹੋ ਗਏ। ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਉਨ੍ਹਾਂ ਨੂੰ ਨਾਗਰਿਕ ਹਸਪਤਾਲ ਪਹੁੰਚਾਇਆ ਜਿੱਥੋਂ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਸਿਰਸਾ ਲਈ ਰੈਫਰ ਕੀਤਾ ਗਿਆ।