ਸੜਕ ਮੁੜ ਬਣਾਉਣ ਦੇ ਹੁਕਮਾਂ ਦਾ ਮਾਮਲਾ: ਠੇਕੇਦਾਰ ਨੂੰ ਬਚਾਉਣ ਕਾਰਨ ਵਿਭਾਗ ਦੀ ਭੂਮਿਕਾ ਸ਼ੱਕੀ
ਬੀਰਬਲ ਰਿਸ਼ੀ
ਸ਼ੇਰਪੁਰ, 26 ਮਈ
ਇਥੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਹਲਕੇ ਦੇ ਪਿੰਡਾਂ ਘਨੌਰੀ ਕਲਾਂ-ਘਨੌਰ ਕਲਾਂ ਦੀ ਸੜਕ ਮੁੜ ਬਣਾਉਣ ਦੇ ਹੁਕਮ ਮਾਮਲੇ ’ਚ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਭੂਮਿਕਾ ਸ਼ੱਕ ਦੇ ਦਾਇਰੇ ਵਿੱਚ ਹੈ। ਲੋਕ ਚਰਚਾ ਹੈ ਕਿ ਮੁੱਖ ਮੰਤਰੀ ਦੇ ਹੁਕਮਾਂ ਨੂੰ ਛੇ ਦਿਨ ਬੀਤ ਜਾਣ ’ਤੇ ਵੀ ਵਿਭਾਗ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਕਰ ਸਕਿਆ ਉਲਟਾ ਠੇਕੇਦਾਰ ਨੂੰ ਬਚਾਉਣ ਲਈ ਕਥਿਤ ਪੈਰਵੀ ਕਰ ਰਹੇ ਜ਼ਿੰਮੇਵਾਰ ਅਧਿਕਾਰੀ ਮੁੱਖ ਮੰਤਰੀ ਦੇ ਸਿੱਧੇ ’ਤੇ ਸਪੱਸ਼ਟ ਹੁਕਮਾਂ ਨੂੰ ਪੁੱਠਾ ਗੇੜ ਦੇ ਰਾਹ ਪਏ ਹੋਏ ਹਨ। ਦੱਸਣਯੋਗ ਹੈ ਕਿ ਲੰਘੀ 21 ਮਈ ਨੂੰ ਘਨੌਰ ਕਲਾਂ ਵਿੱਚ ਇੱਕ ਸਰਪੰਚ ਵੱਲੋਂ ਨੌ ਮਹੀਨੇ ਪਹਿਲਾਂ ਬਣੀ ਸੜਕ ’ਤੇ ਘਾਹ ਉੱਗਣ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਰੂ-ਬ-ਰੂ ਹੋ ਕੇ ਕੀਤੀ ਸ਼ਿਕਾਇਤ ਮਗਰੋਂ ਮੁੱਖ ਮੰਤਰੀ ਨੇ ਇਸ ਸੜਕ ਦੇ ਦੁਬਾਰਾ ਟੈਂਡਰ ਲਗਾ ਕੇ ਨਵੀਂ ਸੜਕ ਬਣਾਉਣ, ਠੇਕੇਦਾਰ ਨੂੰ ਬਲੈਕ ਲਿਸਟ ਕਰਨ ਅਤੇ ਠੇਕੇਦਾਰ ਸਕਿਉਰਟੀ ਜ਼ਬਤ ਕਰਨ ਦੇ ਹੁਕਮ ਕੀਤੇ ਸਨ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ ਹੁਕਮ ਇੱਕ ਵੀ ਹੁਕਮ ਨੂੰ ਇੰਨ-ਬਿੰਨ ਲਾਗੂ ਕਰਨ ਦੀ ਥਾਂ ਪਿਛਲੇ ਦਿਨਾਂ ਤੋਂ ਇਸ ਮਾਮਲੇ ਵਿੱਚ ਠੇਕੇਦਾਰ ਤੇ ਵਿਭਾਗ ਦੇ ਅਧਿਕਾਰੀ ਬਗਾਵਤੀ ਸੁਰਾਂ ਦਬਾਉਣ ’ਚ ਲੱਗੇ ਹਨ।
ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ: ਐਕਸੀਅਨ
ਐਕਸੀਅਨ ਅਜੈ ਕੁਮਾਰ ਨੇ ਕਿਹਾ ਕਿ ਵਿਭਾਗ ਵੱਲੋਂ ਠੇਕੇਦਾਰ ਨੂੰ ਬਚਾਉਣ ਦੇ ਯਤਨ ਦੀ ਚਰਚਾ ਉੱਕਾ ਹੀ ਝੂਠੀ ਤੇ ਬੇਬੁਨਿਆਦ ਹੈ ਕਿਉਂਕਿ ਚੰਡੀਗੜ੍ਹ ਟੀਮ ਮੌਕਾ ਵੇਖ ਕੇ ਗਈ ਹੈ ਅਤੇ ਵਿਭਾਗ ਦੀ ਗੁਪਤ ਤਰੀਕੇ ਨਾਲ ਚੱਲ ਰਹੀ ਜਾਂਚ ਯਕੀਨਨ ਪਾਰਦਰਸ਼ੀ ਹੋਵੇਗੀ। ਉਨ੍ਹਾਂ ਠੇਕੇਦਾਰ ਬਲੈਕ ਲਿਸਟ ਕਰਨ ਅਤੇ ਸਕਿਉਰਟੀ ਜਬਤ ਕਰਨ ਸਬੰਧੀ ਕਿਹਾ ਕਿ ਮੈਰਿਟ ਦੇ ਅਧਾਰ ’ਤੇ ਕਾਰਵਾਈ ਕੀਤੀ ਜਾਵੇਗੀ।