ਸ੍ਰੀਨਗਰ ਵਿੱਚ ਕਬਜ਼ੇ ਹਟਾਉਣ ਦੀ ਮੁਹਿੰਮ ਖ਼ਿਲਾਫ਼ ਪ੍ਰਦਰਸ਼ਨ
ਸ੍ਰੀਨਗਰ, 6 ਫਰਵਰੀ
ਅਵਾਮੀ ਆਵਾਜ਼ ਪਾਰਟੀ ਨੇ ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਕੇਂਦਰੀ ਸਾਸ਼ਿਤ ਪ੍ਰਦੇਸ਼ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਦੀ ਚਲਾਈ ਜਾ ਰਹੀ ਮੁਹਿੰਮ ਖ਼ਿਲਾਫ਼ ਅੱਜ ਰੋਸ ਪ੍ਰਦਰਸ਼ਨ ਕੀਤਾ। ਇਸ ਮੁਹਿੰਮ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਵਾਉਣ ਲਈ ਪਾਰਟੀ ਦੇ ਦਰਜਨਾਂ ਕਾਰਕੁਨ ਇੱਥੇ ਮੈਸੂਮਾ ਮਾਰਕੀਟ ਵਿੱਚ ਇਕੱਠੇ ਹੋਏ। ਉਨ੍ਹਾਂ ਦੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ‘ਤੇ ਲਿਖਿਆ ਹੋਇਆ ਸੀ ‘ਕਿਰਪਾ ਕਰ ਕੇ ਸਾਨੂੰ ਸ਼ਾਂਤੀ ਨਾਲ ਜਿਊਣ ਦੇਵੋ’ ਅਤੇ ‘ਭਾਰਤ ਇਜ਼ਰਾਈਲ ਨਹੀਂ ਹੈ’। ਪਾਰਟੀ ਆਗੂ ਨਦੀਮ ਅਹਿਮਦ ਨੇ ਕਿਹਾ ਕਿ ਉਪ ਰਾਜਪਾਲ ਪ੍ਰਸ਼ਾਸਨ ਨੂੰ ਭੰਨ-ਤੋੜ ਮੁਹਿੰਮ ਰੋਕ ਦੇਣੀ ਚਾਹੀਦੀ ਹੈ ਕਿਉਂਕਿ ਇਸ ਕਾਰਨ ਗ਼ਰੀਬ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਅਹਿਮਦ ਨੇ ਪੱਤਰਕਾਰਾਂ ਨੂੰ ਕਿਹਾ, ”ਮਹਿਜੂਰ ਨਗਰ ਵਿੱਚ ਕੱਲ੍ਹ ਕਬਜ਼ੇ ਹਟਾਉਣ ਦੀ ਮੁਹਿੰਮ ਵਿੱਚ ਸਭ ਤੋਂ ਵੱਧ ਕੌਣ ਪ੍ਰਭਾਵਿਤ ਹੋਏ? ਕੀ ਉਨ੍ਹਾਂ ਵਿੱਚ ਕੋਈ ਅਮੀਰ ਜਾਂ ਅਸਰ-ਰਸੂਖ਼ ਵਾਲਾ ਸ਼ਖ਼ਸ ਸੀ? ਉਹ ਗ਼ਰੀਬ ਲੋਕ ਸਨ, ਜਿਨ੍ਹਾਂ ਦਾ ਜਿਊਣਾ ਮੁਸ਼ਕਲ ਹੋਇਆ ਪਿਆ ਹੈ।” ਉਨ੍ਹਾਂ ਕਿਹਾ, ”ਕੀ ਕਸ਼ਮੀਰ ਕਸ਼ਮੀਰੀ ਲੋਕਾਂ ਦਾ ਨਹੀਂ ਹੈ? ਤੁਸੀਂ ਕਸ਼ਮੀਰੀਆਂ ਨੂੰ ਬੇਘਰ ਕਰ ਕੇ ਜ਼ਮੀਨਾਂ ਬਾਹਰਲਿਆਂ ਹਵਾਲੇ ਕਰ ਰਹੇ ਹੋ।” -ਪੀਟੀਆਈ