ਸੌਂਦ ਵੱਲੌਂ ਪਿੰਡ ਇਸ਼ਨਪੁਰ ਦਾ ਦੌਰਾ
ਪੱਤਰ ਪ੍ਰੇਰਕ
ਪਾਇਲ, 19 ਮਈ
ਨੇੜਲੇ ਪਿੰਡ ਇਸ਼ਨਪੁਰ ਵਿੱਚ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੇ ਵਿਸ਼ੇਸ ਦੌਰੇ ਦੌਰਾਨ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਨੇ ਲੰਬੇ ਸਮੇਂ ਤੋਂ ਲਟਕਦੀ ਖੇਡ ਮੈਦਾਨ ਦੀ ਸਮੱਸਿਆ ਅਤੇ ਟੋਭੇ ਦਾ ਮੁੱਦਾ ਉਠਾਇਆ। ਸ੍ਰੀ ਸੌਂਦ ਨੇ ਤਿੰਨ ਮਹੀਨਿਆਂ ਅੰਦਰ ਟੋਭੇ ਚੋਂ ਗਾਰ ਕੱਢ ਕੇ ਸਫ਼ਾਈ ਕਰਵਾਉਣ ਤੇ ਖੇਡ ਮੈਦਾਨ ਨਵਿਆਉਣ ਦਾ ਭਰੋਸਾ ਦਿੱਤਾ।
ਉਨ੍ਹਾਂ ਕਿਹਾ ਕਿ ਪਿੰਡਾਂ ਦੇ ਕੰਮਾਂ ਪ੍ਰਤੀ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਕੈਬਨਿਟ ਮੰਤਰੀ ਨੇ ਸਾਥੀਆਂ ਸਮੇਤ ਇਸ਼ਨਪੁਰ ਪਿੰਡ ਦੇ ਟੋਭੇ ਦਾ ਨਿਰੀਖਣ ਕਰਨ ਮਗਰੋਂ ਐਲਾਨ ਕੀਤਾ ਕਿ ਅਗਲੇ ਕੁਝ ਦਿਨਾਂ ’ਚ ਟੋਭੇ ਚੋਂ ਗਾਰ ਕੱਢ ਕੇ ਸਫ਼ਾਈ ਕੀਤੀ ਜਾਵੇਗੀ ਤੇ ਅਗਲੇ ਕੁੱਝ ਮਹੀਨਿਆਂ ’ਚ ਪਿੰਡ ਦੇ ਖੇਡ ਮੈਦਾਨ ਨੂੰ ਉੱਚ ਪੱਧਰੀ ਬਣਾਇਆ ਜਾਵੇਗਾ ਤਾਂ ਜੋ ਬੱਚਿਆਂ ਦਾ ਧਿਆਨ ਨਸ਼ਿਆਂ ਵੱਲੋਂ ਹਟਾਕੇ ਖੇਡਾਂ ਵੱਲ ਕੀਤਾ ਜਾ ਸਕੇ। ਇਸ ਮੌਕੇ ਚੇਅਰਮੈਨ ਜਗਤਾਰ ਸਿੰਘ ਰਤਨਹੇੜੀ, ਕੋਆਰਡੀਨੇਟਰ ਪਰਮਪ੍ਰੀਤ ਸਿੰਘ ਪੌਂਪੀ, ਸਰਪੰਚ ਰਾਮ ਚੰਦ ਇਸ਼ਨਪੁਰ, ਸਰਪੰਚ ਜਤਿੰਦਰਜੋਤ ਸਿੰਘ ਜੋਤੀ ਈਸੜੂ, ਪ੍ਰਧਾਨ ਸੁਰਿੰਦਰ ਸਿੰਘ ਕੋਠੇ, ਬਲਾਕ ਪ੍ਰਧਾਨ ਮਾ. ਅਵਤਾਰ ਸਿੰਘ, ਸਰਪੰਚ ਦਵਿੰਦਰ ਸਿੰਘ ਹੋਲ, ਪ੍ਰਧਾਨ ਮਲਾਗਰ ਖਾਨ ਨਸਰਾਲੀ, ਕੀਮਤੀ ਲਾਲ, ਬੀਡੀਪੀਓ ਗੁਰਮੀਤ ਸਿੰਘ, ਪੰਚਾਇਤ ਅਫਸਰ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।