ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਖਾਤਮੇ ਦਾ ਸੱਦਾ
ਪੱਤਰ ਪ੍ਰੇਰਕ
ਪਾਇਲ, 30 ਮਈ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਡੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕੀਤੀ ਜਾ ਰਹੀ ਨਸ਼ਾ ਮੁਕਤੀ ਯਾਤਰਾ ਜ਼ਰੀਏ ਕੈਬਨਿਟ ਮੰਤਰੀ ਸ਼੍ਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਵਿੱਚ ਪਿੰਡ ਫਤਿਹਪੁਰ, ਈਸੜੂ ਖੁਰਦ, ਬੀਜਾਪੁਰ ਕੋਠੇ ਅਤੇ ਕੋਟਲਾ ਢੱਕ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜੰਗੀ ਪੱਧਰ ਉੱਤੇ ਕੰਮ ਕਰਨ ਵਾਸਤੇ ਪ੍ਰੇਰਿਤ ਕੀਤਾ ਗਿਆ।
ਪਿੰਡ ਫਤਹਿਪੁਰ ਵਿੱਚ ਸੰਬੋਧਨ ਕਰਦਿਆਂ ਚੇਅਰਮੈਨ ਜਗਤਾਰ ਸਿੰਘ ਗਿੱਲ ਰਤਨਹੇੜੀ ਅਤੇ ਕੋਆਰਡੀਨੇਟਰ ਪਰਮਪ੍ਰੀਤ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਪੇਂਡੂ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਸਾਰੇ ਹੀ ਵਰਗ ਇਸ ਸਮਾਜਕ ਬੁਰਾਈ ਦੇ ਖਾਤਮੇ ਲਈ ਵਧ ਚੜ੍ਹ ਕੇ ਅੱਗੇ ਆ ਰਹੇ ਹਨ, ਜੋ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਨੇ ਪੰਚਾਇਤਾਂ ਨੂੰ ਕਿਹਾ ਕਿ ਉਹ ਪਿੰਡਾਂ ਦੇ ਪਹਿਰੇਦਾਰ ਵਜੋਂ ਕੰਮ ਕਰ ਕੇ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਫਸੇ ਲੋਕਾਂ ਦੇ ਇਲਾਜ ਤੇ ਪੁਨਰਵਾਸ ਲਈ ਸਰਕਾਰ ਦਾ ਸਹਿਯੋਗ ਕਰਨ ਤਾਂ ਜੋ ਨਸ਼ਾ ਪੀੜਤਾਂ ਨੂੰ ਤੰਦਰੁਸਤ ਕਰ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾ ਸਕੇ।
ਇਸ ਮੌਕੇ ਪਿੰਡਾਂ ਦੇ ਲੋਕਾਂ ਨੂੰ ਬੀਡੀਪੀਓ ਖੰਨਾ ਗੁਰਪ੍ਰੀਤ ਸਿੰਘ, ਬਲਾਕ ਪ੍ਰਧਾਨ (ਦਿਹਾਤੀ) ਅਵਤਾਰ ਸਿੰਘ ਦੈਹਿੜੂ ਅਤੇ ਪੰਚਾਇਤ ਅਫ਼ਸਰ ਕੁਲਦੀਪ ਸਿੰਘ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਅਤੇ ਨਸ਼ਿਆਂ ਦੀ ਰੋਕਥਾਮ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਨਸ਼ੇ ਨਾ ਕਰਨ ਤੇ ਨਸ਼ਿਆਂ ਦੇ ਖਾਤਮੇ ਦੀ ਸਹੁੰ ਵੀ ਚੁਕਾਈ ਗਈ। ਇਸ ਸਮੇ ਐੱਸਐਚਓ ਸੁਖਵਿੰਦਰਪਾਲ ਸਿੰਘ ਸੋਹੀ, ਪੰਚਾਇਤ ਮੈਂਬਰ ਸਤਵੀਰ ਸਿੰਘ, ਸਰਪੰਚ ਸੁਰਿੰਦਰ ਸਿੰਘ ਬੀਜਾਪੁਰ ਕੋਠੇ ਵੀ ਹਾਜ਼ਰ ਸਨ।