ਸੋਸ਼ਲ ਮੀਡੀਆ ’ਤੇ ਅਫਵਾਹ ਫੈਲਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
ਪਟਿਆਲਾ, 9 ਮਈ
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਮੀਡੀਆ ਉਪਰ ਜਾਂ ਕਿਸੇ ਹੋਰ ਵੱਲੋਂ ਫੈਲਾਈ ਖ਼ਬਰ ਜਾਂ ਅਫ਼ਵਾਹ ਉਪਰ ਅੱਖਾਂ ਬੰਦ ਕਰਕੇ ਯਕੀਨ ਨਾ ਕਰਨ ਅਤੇ ਨਾ ਹੀ ਉਸ ਨੂੰ ਬਿਨਾਂ ਪੜਤਾਲ ਕੀਤੇ ਫਾਰਵਰਡ ਕਰਨ ਜਾਂ ਫੈਲਾਉਣ। ਹਰ ਤਰ੍ਹਾਂ ਦੀ ਪੁਖ਼ਤਾ ਜਾਣਕਾਰੀ ਲਈ ਡਿਪਟੀ ਕਮਿਸ਼ਨਰ ਪਟਿਆਲਾ ਦੇ ਐਕਸ ਹੈਂਡਲ ਅਤੇ ਡਿਸਟ੍ਰਿਕਟ ਪਬਲਿਕ ਰਿਲੇਸ਼ਨਜ਼ ਅਫ਼ਸਰ (ਡੀਪੀਆਰਓ) ਪਟਿਆਲਾ ਦੇ ਫੇਸਬੁਕ ਪੇਜ਼ ਉਪਰ ਨਜ਼ਰ ਰੱਖਣ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਕਿਸੇ ਵੀ ਤਰ੍ਹਾਂ ਦੀ ਫੈਲਦੀ ਅਫਵਾਹਾਂ ਦੀ ਨਿਗਰਾਨੀ ਲਈ ਪੁਲੀਸ ਦਾ ਸਾਈਬਰ ਸੈਲ ਮੁਸਤੈਦ ਹੈ ਅਤੇ ਅਜਿਹੀ ਅਫਵਾਹ ਫੈਲਾਉਣ ਵਾਲ਼ੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਅੰਦਰ ਚੱਲ ਰਹੇ ਤਣਾਅ ਵਾਲੇ ਮਾਹੌਲ ਦੇ ਮੱਦੇਨਜ਼ਰ ਹਰ ਨਾਗਰਿਕ ਨੂੰ ਸੁਚੇਤ ਤੇ ਸਾਵਧਾਨ ਹੋਣ ਦੀ ਲੋੜ ਹੈ ਪਰ ਕਿਸੇ ਵੀ ਤਰ੍ਹਾਂ ਘਬਰਾਹਟ ਵਿੱਚ ਨਾ ਆਇਆ ਜਾਵੇ। ਜਦੋਂ ਵੀ ਪ੍ਰਸ਼ਾਸਨ ਵੱਲੋਂ ਬਲੈਕ ਆਊਟ, ਸਿਵਲ ਡਿਫੈਂਸ ਮੌਕ ਡਰਿੱਲ ਜਾਂ ਹਵਾਈ ਹਮਲੇ ਦੇ ਸਾਇਰਨ ਦੀ ਐਮਰਜੈਂਸੀ ਅਨਾਉਂਸਮੈਂਟ ਕੀਤੀ ਜਾਂਦੀ ਹੈ ਤਾਂ ਲੋਕਾਂ ਨੂੰ ਉਸ ਉਪਰ ਤੁਰੰਤ ਅਮਲ ਕਰਦੇ ਹੋਏ ਦਿੱਤੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਸ਼ਨ, ਆਟਾ, ਦਾਲਾਂ, ਤੇਲ, ਪੈਟਰੋਲ, ਐੱਲਪੀਜੀ ਦੀ ਸਪਲਾਈ ਦੀ ਕੋਈ ਤੋਟ ਨਹੀਂ ਹੈ। ਕੋਈ ਵੀ ਨਾਗਰਿਕ ਤੇ ਵਪਾਰੀ ਜਰੂਰੀ ਵਸਤਾਂ ਦੀ ਕਾਲਾਬਾਜ਼ਾਰੀ ਤੇ ਕਾਹਲੀ ਵਿੱਚ ਖਰੀਦੋ-ਫਰੋਖਤ ਜਾਂ ਜਮ੍ਹਾਖੋਰੀ ਨਾ ਕਰੇ। ਜਦੋਂ ਵੀ ਕੋਈ ਐਮਰਜੈਂਸੀ ਹੋਈ ਤਾਂ ਜ਼ਿਲ੍ਹਾ ਪ੍ਰਸਾਸ਼ਨ ਸਭ ਨੂੰ ਜ਼ਰੂਰ ਸੂਚਿਤ ਕਰੇਗਾ, ਇਸ ਲਈ ਕੋਈ ਵੀ ਨਾਗਰਿਕ ਕਿਸੇ ਤਰ੍ਹਾਂ ਦੀ ਘਬਰਾਹਟ ਵਿੱਚ ਨਾ ਆਵੇ। ਜੇਕਰ ਕਿਸੇ ਨੇ ਕੋਈ ਸੂਚਨਾ ਸਾਂਝੀ ਕਰਨ ਹੈ ਜਾਂ ਕੋਈ ਜਾਣਕਾਰੀ ਹਾਸਲ ਕਰਨੀ ਹੈ ਉਹ ਡੀਸੀ ਦਫ਼ਤਰ ਨੰਬਰ 0175-2350550 ਅਤੇ ਪੁਲੀਸ ਕੰਟਰੋਲ ਰੂਮ ਦੇ ਨੰਬਰਾਂ 98764-32100, 95929-17910 ਤੇ 95929-12500 ਉਪਰ ਸੰਪਰਕ ਕਰ ਸਕਦਾ।