ਸੈਮੀਨਾਰ ਵਿੱਚ ਖੇਤੀ ਸੰਕਟ ਅਤੇ ਹੱਲ ਬਾਰੇ ਚਰਚਾ
ਪੱਤਰ ਪ੍ਰੇਰਕ
ਤਰਨ ਤਾਰਨ, 8 ਮਈ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਅੱਜ ਇਲਾਕੇ ਦੇ ਪਿੰਡ ਦਿਆਲਪੁਰ ਵਿੱਚ ਕਰਵਾਏ ਗਏ ‘ਖੇਤੀ ਸੰਕਟ ਅਤੇ ਹੱਲ’ ਵਿਸ਼ੇ ‘ਤੇ ਸੈਮੀਨਾਰ ਵਿੱਚ ਬੁਲਾਰਿਆਂ ਨੇ ਇਕ ਆਵਾਜ਼ ਨਾਲ ਸਰਮਾਏਦਾਰ ਪ੍ਰਬੰਧ ਵੱਲੋਂ ਆਪਣੇ ਜਾਗੀਰਦਾਰ ਜੋਟੀਦਾਰਾਂ ਨੂੰ ਖ਼ੁਸ਼ ਕਰਨ ਦੀਆਂ ਚਾਲਾਂ ਨੂੰ ਖੇਤੀ ਸੰਕਟ ਦਾ ਮੁੱਖ ਕਾਰਨ ਦੱਸਿਆ| ਮਾਸਟਰ ਅਰਸਾਲ ਸਿੰਘ ਸੰਧੂ, ਸੇਵਾਮੁਕਤ ਐੱਸਪੀ ਕੇਹਰ ਸਿੰਘ ਅਤੇ ਜਸਪਾਲ ਸਿੰਘ ਦਿਆਲਪੁਰਾ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ| ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਸੈਮੀਨਾਰ ਦੇ ਮੁੱਖ ਬੁਲਾਰੇ ਦੇ ਤੌਰ ‘ਤੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਰਮਾਏਦਾਰੀ ਪ੍ਰਬੰਧ ਨੇ ਉਤਪਾਦਕ ਸ਼ਕਤੀਆਂ ਨੂੰ ਵਿਕਸਤ ਹੋਣ ਦੇ ਰਾਹ ਵਿੱਚ ਰੋੜੇ ਅਟਕਾਏ ਹਨ। ਉਨ੍ਹਾਂ ਕਿਹਾ ਕਿ ਹਰੇ ਇਨਕਲਾਬ ਨੇ ਦੇਸ਼ ਦੇ ਅੰਨ ਭੰਡਾਰਾਂ ਨੂੰ ਤਾਂ ਭਰ ਦਿੱਤਾ ਪਰ ਕਿਸਾਨ ਦੇ ਪੱਲੇ ਮਹਿੰਗੀ ਖੇਤੀ ਮਸ਼ੀਨਰੀ, ਸੰਦ ਅਤੇ ਖਾਦਾਂ-ਦਵਾਈਆਂ ਪਾ ਦਿੱਤੀਆਂ| ਉਨ੍ਹਾਂ ਕਿਹਾ ਇਸੇ ਦੀ ਮਾਰ ਹੇਠ ਆ ਕੇ ਕਿਸਾਨ ਕਰਜ਼ਈ ਹੋ ਕੇ ਖ਼ੁਦਕਸ਼ੀਆਂ ਦੇ ਰਾਹ ਪਿਆ ਹੈ ਅਤੇ ਨਾਲ ਹੀ ਕਿਸਾਨ ਜ਼ਮੀਨ ਵਿਹੂਣਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਨੂੰ ਸੰਕਟ ਵਿੱਚੋਂ ਕੱਢਣ ਲਈ ਕਿਸਾਨ ਮਜ਼ਦੂਰ ਪੱਖੀ ਨੀਤੀਆਂ ਅਪਣਾਉਣ ਦੀ ਜ਼ਰੂਰਤ ਸੀ ਪਰ ਦੇਸ਼ ਦੇ ਹਾਕਮ ਬਹੁ-ਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਪੂਰ ਰਹੇ ਹਨ| ਉਨ੍ਹਾਂ ਨਵੇਂ ਰੁਜ਼ਗਾਰ ਸਿਰਜਣ ਲਈ ਖੇਤੀ ਆਧਾਰਤ ਸਨਅਤਾਂ ਲਾਉਣ ਤੇ ਜ਼ੋਰ ਦਿੱਤਾ।
ਇਸ ਮੌਕੇ ਪਾਰਟੀ ਆਗੂ ਮੁਖਤਾਰ ਸਿੰਘ ਮੱਲਾ ਨੇ ਮਾਝੇ ਦੇ ਟੁੱਟ ਚੁੱਕੇ ਨਹਿਰੀ ਪ੍ਰਬੰਧ ਦੀ ਮੁੜ ਉਸਾਰੀ ਕਰਨ ਅਤੇ ਹਰ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਦੀ ਗੱਲ ਕੀਤੀ| ਇਸ ਮੌਕੇ ਜਗਤਾਰ ਸਿੰਘ, ਪ੍ਰੀਤਮ ਸਿੰਘ, ਕੇਵਲ ਸਿੰਘ ਮਾੜੀ ਕੰਬੋਕੇ, ਚਮਨ ਲਾਲ ਦਰਾਜਕੇ, ਜਰਨੈਲ ਸਿੰਘ ਦਿਆਲਪੁਰਾ ਨੇ ਵੀ ਸੰਬੋਧਨ ਕੀਤਾ| ਸਟੇਜ ਸਕੱਤਰ ਦੀ ਭੂਮਿਕਾ ਦਲਜੀਤ ਸਿੰਘ ਦਿਆਲਪੁਰਾ ਨੇ ਨਿਭਾਈ|